ਮਾਤਾ ਗੁਜਰੀ ਕਾਲਜ ’ਚ ਮਨਾਇਆ 'ਭਾਰਤੀ ਅਖ਼ਬਾਰ ਦਿਵਸ'
ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਉਤਸ਼ਾਹ ਨਾਲ ਮਨਾਇਆ 'ਭਾਰਤੀ ਅਖ਼ਬਾਰ ਦਿਵਸ'
Publish Date: Mon, 02 Feb 2026 06:08 PM (IST)
Updated Date: Mon, 02 Feb 2026 06:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵੱਲੋਂ ਭਾਰਤੀ ਅਖ਼ਬਾਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਰੀਲ ਬਣਾਉਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵਿਦਿਆਰਥੀਆਂ ਨੇ ਸਮਾਜ ਵਿਚ ਅਖ਼ਬਾਰਾਂ ਦੀ ਉਸਾਰੂ ਅਤੇ ਮਹੱਤਵਪੂਰਨ ਭੂਮਿਕਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੌਜੂਦਾ ਸੂਚਨਾ ਤਕਨਾਲੋਜੀ ਦੇ ਯੁੱਗ ਵਿਚ ਬਾਕੀ ਸੰਚਾਰ ਦੇ ਸਾਧਨਾਂ ਦੇ ਮੁਕਾਬਲੇ ਅਖ਼ਬਾਰਾਂ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਨੂੰ ਵੀ ਉਜਾਗਰ ਕੀਤਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਪੱਤਰਕਾਰੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸੋਸ਼ਲ ਮੀਡੀਆ ਦੇ ਯੁੱਗ ਵਿਚ ਸੂਚਨਾ ਦਾ ਸਹੀ ਪ੍ਰਚਾਰ-ਪ੍ਰਸਾਰ ਕਰਨ, ਪੱਤਰਕਾਰੀ ਦੀਆਂ ਨੈਤਿਕ ਕਦਰਾਂ ਕੀਮਤਾਂ ਬਣਾਈ ਰੱਖਣ ਅਤੇ ਵਿਕਾਸ ਦੇ ਮੁੱਖ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਅਖ਼ਬਾਰਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਗੁਣਪ੍ਰੀਤ ਸਿੰਘ ਨੇ ਕਿਹਾ ਕਿ ਅਖ਼ਬਾਰਾਂ ਦਾ ਮੁੱਖ ਮੰਤਵ ਬੇਆਵਾਜ਼ ਲੋਕਾਂ ਦੀ ਆਵਾਜ਼ ਬਣਨਾ ਅਤੇ ਲੋਕਾਂ ਤੱਕ ਸੱਚ ਪਹੁੰਚਾਉਣਾ ਹੈ ਜਿਸ ਲਈ ਮਿਆਰੀ ਪੱਤਰਕਾਰੀ ਨੂੰ ਅਭਿਆਸ ਵਿਚ ਆਪਣਾਉਣ ਦੀ ਲੋੜ ਹੈ। ਮੁਕਾਬਲੇ ਵਿਚ ਐੱਮਏਜੇਐੱਮਸੀ ਭਾਗ ਦੂਸਰਾ ਦੇ ਸਹਿਬਪ੍ਰੀਤ ਸਿੰਘ, ਅਕਾਂਸ਼ਾ ਕੰਸਲ ਅਤੇ ਭਵਨੀਤ ਕੌਰ, ਐੱਮਏਜੇਐੱਮਸੀ ਭਾਗ ਪਹਿਲਾ ਦੀ ਰੱਜੀ ਗੁਪਤਾ, ਬੀਏਜੇਐੱਮਸੀ ਭਾਗ ਦੂਸਰਾ ਦੀ ਹਰਨੀਤ ਕੌਰ, ਬੀਏਜੇਐਮਸੀ ਭਾਗ ਪਹਿਲਾ ਦੇ ਵੈਦੇਹੀ, ਕ੍ਰਿਸ਼ਨਾ, ਦਲਜੀਤ ਸਿੰਘ, ਜਸਲੀਨ ਕੌਰ, ਸਹਿਜਪ੍ਰੀਤ ਕੌਰ ਅਤੇ ਸੰਤੋਸ਼ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮੌਕੇ ਪੱਤਰਕਾਰੀ ਵਿਭਾਗ ਦੇ ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਨਾਦਿਸ਼, ਪ੍ਰੋ. ਅਮਨਦੀਪ ਕੌਰ ਅਤੇ ਵਿਦਿਆਰਥੀ ਮੌਜੂਦ ਸਨ।