ਇਰਾਨ-ਇਜ਼ਰਾਈਲ ਯੁੱਧ ਨੇ ਮੰਡੀ ਗੋਬਿੰਦਗੜ੍ਹ ਦੇ ਲੋਹਾ ਉਦਯੋਗ ਨੂੰ ਭਾਰੀ ਝਟਕਾ ਦਿੱਤਾ
ਇਰਾਨ-ਇਜ਼ਰਾਈਲ ਯੁੱਧ ਨੇ ਮੰਡੀ ਗੋਬਿੰਦਗੜ੍ਹ ਦੇ ਲੋਹਾ ਉਦਯੋਗ ਨੂੰ ਭਾਰੀ ਝਟਕਾ ਦਿੱਤਾ
Publish Date: Fri, 13 Mar 2026 05:27 PM (IST)
Updated Date: Fri, 13 Mar 2026 05:30 PM (IST)

ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਇਰਾਨ-ਇਜ਼ਰਾਈਲ ਯੁੱਧ ਦਾ ਅਸਰ ਪੰਜਾਬ ਦੇ ਲੋਹਾ ਉਦਯੋਗ ਤੱਕ ਪਹੁੰਚ ਗਿਆ ਹੈ। ਮੰਡੀ ਗੋਬਿੰਦਗੜ੍ਹ ਵਿਚ ਗੈਸ ਕੰਪਨੀਆਂ ਨੇ ਉਦਯੋਗਿਕ ਇਕਾਈਆਂ ਨੂੰ ਪੀਐਨਜੀ ਸਪਲਾਈ ’ਚ ਭਾਰੀ ਕਟੌਤੀ ਕਰ ਦਿੱਤੀ ਹੈ। ਉਦਯੋਗਪਤੀਆਂ ਅਨੁਸਾਰ ਲੋੜੀਂਦੀ ਮਾਤਰਾ ਦੇ ਮੁਕਾਬਲੇ ਸਪਲਾਈ 50 ਤੋਂ 70 ਪ੍ਰਤੀਸ਼ਤ ਘੱਟ ਗਈ ਹੈ ਜਿਸ ਨਾਲ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਐਨਜੀਟੀ ਦੇ ਸਖ਼ਤ ਨਿਯਮਾਂ, ਗੈਸ ਦੀ ਕਮੀ ਅਤੇ ਵਧਦੀਆਂ ਕੀਮਤਾਂ ਕਾਰਨ 150 ਤੋਂ ਵੱਧ ਇਕਾਈਆਂ ਬੰਦ ਹੋਣ ਦੇ ਖ਼ਤਰੇ ਵੱਲ ਵਧ ਰਹੀਆਂ ਹਨ। ਉਦਯੋਗਪਤੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਵਿਕਲਪਕ ਬਾਲਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਦੱਸਿਆ ਕਿ ਗੈਸ ਕੰਪਨੀਆਂ ਨੇ ਸਪਲਾਈ ਘਟਾਉਣ ਨਾਲ ਨਾਲ ਕੀਮਤਾਂ ਵੀ ਵਧਾ ਦਿੱਤੀਆਂ ਹਨ। ਪ੍ਰਤੀ ਐਸਸੀਐਮ ਗੈਸ ਦੀ ਕੀਮਤ ਵਿਚ ਲਗਭਗ 6 ਰੁਪਏ ਦਾ ਵਾਧਾ ਕੀਤਾ ਗਿਆ ਸੀ ਜਿਸ ਵਿੱਚੋਂ ਵਿਰੋਧ ਤੋਂ ਬਾਅਦ 20 ਪ੍ਰਤੀਸ਼ਤ ਘਟਾਇਆ ਗਿਆ। ਉਨ੍ਹਾਂ ਕਿਹਾ ਕਿ ਨਵੇਂ ਕੁਨੈਕਸ਼ਨ ਦਿੰਦੇ ਸਮੇਂ ਪੁਰਾਣੇ ਕੁਨੈਕਸ਼ਨ ਨਹੀਂ ਕੱਟੇ ਜਾਣੇ ਚਾਹੀਦੇ। ਇਸ ਸਥਿਤੀ ਵਿੱਚ ਬਹੁਤ ਸਾਰੀਆਂ ਇਕਾਈਆਂ ਨੂੰ ਹਫ਼ਤੇ ਵਿੱਚ ਸਿਰਫ਼ ਦੋ ਦਿਨ ਹੀ ਕੰਮ ਕਰਨਾ ਪੈ ਰਿਹਾ ਹੈ ਅਤੇ ਜੇ ਹਾਲਾਤ ਵਿਗੜੇ ਤਾਂ ਉਦਯੋਗ ਪੂਰੀ ਤਰ੍ਹਾਂ ਬੰਦ ਹੋ ਸਕਦੇ ਹਨ।