ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
Publish Date: Tue, 17 Mar 2026 05:00 PM (IST)
Updated Date: Tue, 17 Mar 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਨਵਨੀਤ ਕੌਰ, ਕਨਵੀਨਰ ਵੱਲੋਂ ਸਵਾਗਤ ਭਾਸ਼ਣ ਨਾਲ ਹੋਈ। ਇਸ ਤੋਂ ਬਾਅਦ ਮੁੱਖ ਭਾਸ਼ਣ ਪ੍ਰੋ. (ਡਾ. ) ਜਸਪ੍ਰੀਤ ਕੌਰ ਮਜੀਠੀਆ, ਡੀਨ, ਫੈਕਲਟੀ ਆਫ ਲਾਅ, ਐਮਿਟੀ ਯੂਨੀਵਰਸਿਟੀ, ਮੋਹਾਲੀ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਮਹਿਲਾਵਾਂ ਨੂੰ ਸਮਰੱਥ ਬਣਾਉਣ ਅਤੇ ਕਾਨੂੰਨੀ ਜਾਗਰੂਕਤਾ ਦੇ ਵਿਸ਼ੇ ’ਤੇ ਵਿਚਾਰ ਸਾਂਝੇ ਕਰਦੇ ਹੋਏ ਮਹਿਲਾਵਾਂ ਵਿਚ ਕਾਨੂੰਨੀ ਜਾਣਕਾਰੀ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਤੇ ਵਿਦਿਆਰਥੀਆਂ ਨੂੰ ਸਮਾਨਤਾ, ਨਿਆਂ ਅਤੇ ਆਦਰ ’ਤੇ ਆਧਾਰਿਤ ਸਮਾਜ ਦੇ ਨਿਰਮਾਣ ਲਈ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ ਨੇ ਵਿਭਾਗ ਵੱਲੋਂ ਇਸ ਤਰ੍ਹਾਂ ਦੇ ਮਹੱਤਵਪੂਰਨ ਉਪਰਾਲੇ ਦੀ ਸਰਾਹਨਾ ਕੀਤੀ। ਪ੍ਰੋ. (ਡਾ. ) ਅਮਿਤਾ ਕੌਸ਼ਲ, ਮੁਖੀ ਅਤੇ ਡੀਨ ਨੇ ਕਿਹਾ ਕਿ ਇਸ ਲੈਕਚਰ ਦਾ ਮੁੱਖ ਉਦੇਸ਼ ਮਹਿਲਾਵਾਂ ਦੇ ਹਰ ਖੇਤਰ ਵਿਚ ਯੋਗਦਾਨ-ਵਿਗਿਆਨ ਅਤੇ ਰਾਜਨੀਤੀ ਤੋਂ ਲੈ ਕੇ ਰੋਜ਼ਾਨਾ ਸਮਾਜਿਕ ਅਗਵਾਈ ਤੱਕ—ਦੀ ਪਛਾਣ ਕਰਨਾ ਅਤੇ ਉਨ੍ਹਾਂ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਹੈ ਜੋ ਅਕਸਰ ਅਣਡਿੱਠੀਆਂ ਰਹਿ ਜਾਂਦੀਆਂ ਹਨ। ਸਮਾਗਮ ਦਾ ਸਮਾਪਨ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਹਿਲਾਵਾਂ ਦੇ ਅਧਿਕਾਰਾਂ, ਸਮਾਨਤਾ ਅਤੇ ਮਰਯਾਦਾ ਲਈ ਹਰ ਖੇਤਰ ਵਿਚ ਆਵਾਜ਼ ਉਠਾਉਣ ਦੇ ਸਾਂਝੇ ਸੰਕਲਪ ਨਾਲ ਕੀਤਾ ਗਿਆ।