ਗੋਬਿੰਦਗੜ੍ਹ ਪਬਲਿਕ ਸਕੂਲ ’ਚ ਅੰਤਰ-ਹਾਊਸ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ
ਗੋਬਿੰਦਗੜ੍ਹ ਪਬਲਿਕ ਸਕੂਲ ਵਿੱਚ ਅੰਤਰ-ਹਾਊਸ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ
Publish Date: Fri, 24 Apr 2026 06:46 PM (IST)
Updated Date: Fri, 24 Apr 2026 06:49 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਸਕੂਲ ਵਿਖੇ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਅੰਤਰ-ਹਾਊਸ ਪੈਰਾਗ੍ਰਾਫ਼ ਅਤੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਮੁਕਾਬਲੇ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਸੀ, ਜਿਸ ਵਿਚ ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਸਿਹਤਮੰਦ ਭੋਜਨ, ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਜੇ ਰੋਬੋਟ ਮੇਰੇ ਅਧਿਆਪਕ ਬਣ ਜਾਣ’ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ °‘ਮਾਨਵੀ ਸੰਬੰਧਾਂ ਵਿੱਚ ਸਮਾਜਿਕਤਾ ਅਤੇ ਤਕਨੀਕੀਕਰਨ’ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ।ਵਿਦਿਆਰਥੀਆਂ ਨੂੰ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ’ਚੋਂ ਕਿਸੇ ਵੀ ਭਾਸ਼ਾ ਦੀ ਚੋਣ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ। ਨਤੀਜਿਆਂ ਲਈ ਲਿਖਾਈ ਦੀ ਸਫ਼ਾਈ, ਪੜ੍ਹਨਯੋਗਤਾ, ਸ਼ਬਦਾਂ ਦਾ ਵਹਾਅ ਅਤੇ ਵਿਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਨੂੰ ਆਧਾਰ ਬਣਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ ਨੀਰੂ ਅਰੋੜਾ ਨੇ ਕਿਹਾ ਕਿ ਲਿਖਾਈ ਵਿਦਿਆਰਥੀ ਦੀ ਸੋਚ ਅਤੇ ਸਿਰਜਣਾਤਮਕਤਾ ਦਾ ਪ੍ਰਤੀਬਿੰਬ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਅਤੇ ਵਿਚਾਰ ਪ੍ਰਗਟਾਉਣ ਦੀ ਸ਼ਕਤੀ ਵਧਦੀ ਹੈ।