ਇੰਟਰ ਡਿਪਾਰਟਮੈਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ
ਇੰਟਰ ਡਿਪਾਰਟਮੈਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ
Publish Date: Fri, 06 Feb 2026 05:30 PM (IST)
Updated Date: Fri, 06 Feb 2026 05:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵਿਚ ਖੇਡ ਪ੍ਰਤੀ ਉਤਸ਼ਾਹ, ਟੀਮ ਸਪਿਰਿਟ ਤੇ ਸਿਹਤਮੰਦ ਮੁਕਾਬਲੇ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਲਈ ਕ ਬਾਬਾ ਫਤਿਹ ਸਿੰਘ ਖੇਡ ਸਟੇਡੀਅਮ ਵਿਚ ਇੰਟਰ ਡਿਪਾਰਟਮੈਂਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਦੀ ਆਤਮਾ ਅਨੁਸਾਰ ਖੇਡਣ, ਅਨੁਸ਼ਾਸਨ, ਮਿਹਨਤ ਅਤੇ ਸਦਭਾਵਨਾ ਨੂੰ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਨਹੀਂ, ਸਗੋਂ ਅਗਵਾਈ, ਜ਼ਿੰਮੇਵਾਰੀ ਅਤੇ ਵਿਅਕਤੀਗਤ ਵਿਕਾਸ ਨੂੰ ਉਭਾਰਨ ਦਾ ਮਜ਼ਬੂਤ ਸਾਧਨ ਹਨ। ਦੋ ਦਿਨ ਚਲੇ ਇਸ ਟੂਰਨਾਮੈਂਟ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ 19 ਟੀਮਾਂ ਨੇ ਜੋਸ਼ ਅਤੇ ਉੱਚ ਦਰਜੇ ਦੀ ਖੇਡ ਭਾਵਨਾ ਨਾਲ ਭਾਗ ਲਿਆ ਅਤੇ ਦਰਸ਼ਕਾਂ ਨੂੰ ਰੋਮਾਂਚਕ ਮੁਕਾਬਲਿਆਂ ਦਾ ਗਵਾਹ ਬਣਾਇਆ। ਇਸ ਮੌਕੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ, ਡੀਨ ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ ਅਤੇ ਡਾ. ਸਰਪ੍ਰੀਤ ਸਿੰਘ, ਡੀਨ ਅਲੂਮਨੀ ਨੇ ਵੀ ਹਾਜ਼ਰੀ ਭਰ ਕੇ ਵਿਦਿਆਰਥੀਆਂ ਦਾ ਹੋਂਸਲਾ ਵਧਾਇਆ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਨਵੀਆਂ ਸਫਲਤਾਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਸਰੀਰਕ ਸਿੱਖਿਆ ਅਤੇ ਖੇਡ ਟੈਕਨਾਲੋਜੀ ਦੇ ਮੁਖੀ ਡਾ. ਵਰਿੰਦਰ ਸਿੰਘ ਭੁੱਲਰ ਨੇ ਆਏ ਹੋਏ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਟੂਰਨਾਮੈਂਟ ਦੇ ਨਤੀਜਿਆਂ ਅਨੁਸਾਰ ਪਹਿਲਾ ਸਥਾਨ ਸਰੀਰਕ ਸਿੱਖਿਆ ਵਿਭਾਗ ਨੇ, ਦੂਜਾ ਸਥਾਨ ਕੰਪਿਊਟਰ ਸਾਇੰਸ ਵਿਭਾਗ ਨੇ ਅਤੇ ਤੀਜਾ ਸਥਾਨ ਲਾਅ ਵਿਭਾਗ ਨੇ ਹਾਸਲ ਕੀਤਾ। ਵਿਅਕਤੀਗਤ ਪ੍ਰਦਰਸ਼ਨ ਵਿੱਚ ਜਗਨਪ੍ਰੀਤ ਸਿੰਘ (ਕੰਪਿਊਟਰ ਸਾਇੰਸ) ਨੂੰ ਬੈਸਟ ਪਲੇਅਰ, ਵਿਰਾਟ ਮੀਨਾ (ਸਰੀਰਕ ਸਿੱਖਿਆ) ਨੂੰ ਬੈਸਟ ਬਾਲਰ ਅਤੇ ਅਮ੍ਰਿਤਪਾਲ ਸਿੰਘ ਨੂੰ ਮੈਨ ਆਫ਼ ਦ ਸੀਰੀਜ਼ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਟਰਾਫੀਆਂ ਅਤੇ ਸਰਟੀਫਿਕੇਟਾਂ ਦੇ ਨਾਲ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਹ ਟੂਰਨਾਮੈਂਟ ਯੂਨੀਵਰਸਿਟੀ ਦੇ ਖੇਡ ਕੈਲੰਡਰ ਦਾ ਇੱਕ ਯਾਦਗਾਰ ਅਧਿਆਇ ਸਾਬਤ ਹੋਇਆ, ਜਿਸ ਨੇ ਇਹ ਦਰਸਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਿਰਫ ਅਕਾਦਮਿਕ ਹੀ ਨਹੀਂ, ਸਗੋਂ ਖੇਡਾਂ ਅਤੇ ਸਰਵੰਗੀਣ ਵਿਕਾਸ ਵਿੱਚ ਵੀ ਅੱਗੇ ਰਹਿਣ ਲਈ ਵਚਨਬੱਧ ਹੈ।