ਐੱਲਪੀਜੀ ਸਿਲੰਡਰ ਮਹਿੰਗੇ ਹੋਣ ਨਾਲ ਵਧੀ ਮਹਿੰਗਾਈ : ਰਾਜੂ ਖੰਨਾ
ਐਲਪੀਜੀ ਸਿਲੰਡਰ ਮਹਿੰਗੇ ਹੋਣ ਨਾਲ ਆਮ ਲੋਕਾਂ ’ਤੇ ਮਹਿੰਗਾਈ ਦੀ ਮਾਰ: ਰਾਜੂ ਖੰਨਾ
Publish Date: Sun, 08 Mar 2026 04:33 PM (IST)
Updated Date: Sun, 08 Mar 2026 04:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿਚ 60 ਰੁਪਏ ਤੇ ਵਪਾਰਕ ਸਿਲੰਡਰ ਦੀ ਕੀਮਤ ਵਿਚ 115 ਰੁਪਏ ਵਾਧੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਫੈਸਲਾ ਆਮ ਲੋਕਾਂ, ਖਾਸ ਕਰਕੇ ਮੱਧ ਵਰਗ ਅਤੇ ਗਰੀਬ ਪਰਿਵਾਰਾਂ ’ਤੇ ਮਹਿੰਗਾਈ ਦਾ ਵੱਡਾ ਬੋਝ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਵਧ ਰਹੀ ਮਹਿੰਗਾਈ ਨਾਲ ਪਰੇਸ਼ਾਨ ਲੋਕਾਂ ਲਈ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਵੱਡਾ ਝਟਕਾ ਹੈ। ਇਸ ਨਾਲ ਘਰੇਲੂ ਮਹਿਲਾਵਾਂ ਲਈ ਰਸੋਈ ਚਲਾਉਣਾ ਅਤੇ ਪਰਿਵਾਰ ਦਾ ਖਰਚਾ ਸੰਭਾਲਣਾ ਹੋਰ ਮੁਸ਼ਕਲ ਹੋ ਗਿਆ ਹੈ। ਰਾਜੂ ਖੰਨਾ ਨੇ ਵਪਾਰਕ ਸਿਲੰਡਰ ਦੇ ਵਾਧੇ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਨਾਲ ਛੋਟੇ ਕਾਰੋਬਾਰੀਆਂ, ਰੈਸਟੋਰੈਂਟ ਚਲਾਉਣ ਵਾਲਿਆਂ ਅਤੇ ਫੂਡ ਵੇਂਡਰਾਂ ’ਤੇ ਵਾਧੂ ਆਰਥਿਕ ਦਬਾਅ ਪੈ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਇਸ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਘਰੇਲੂ ਐਲਪੀਜੀ ਦੀਆਂ ਕੀਮਤਾਂ ਘਟਾਉਣ ਲਈ ਤੁਰੰਤ ਕਦਮ ਚੁੱਕੇ ਜਾਣ। ਰਾਜੂ ਖੰਨਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੀਮਤ ਵਾਧਾ ਵਾਪਸ ਨਾ ਲਿਆ ਗਿਆ ਤਾਂ ਅਕਾਲੀ ਦਲ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਏਗਾ। ਇਸ ਮੌਕੇ ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਵਿੰਦਰ ਸਿੰਘ ਬਿੰਦਾ ਮਾਜਰੀ, ਹਲਕਾ ਪ੍ਰਧਾਨ ਡਾ ਅਰਜਨ ਸਿੰਘ ਅਮਲੋਹ, ਸੱਜਣ ਸਿੰਘ ਰਾਮਗੜ, ਬਿੱਟੂ ਕਪੂਰਗੜ੍ਹ, ਡਾ ਕੇਸਰ ਸਿੰਘ ਸੇਖੋਂ ਸਮੇਤ ਕਈ ਹੋਰ ਆਗੂ ਮੌਜੂਦ ਸਨ।