ਉਦਯੋਗਪਤੀਆਂ ਨੇ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ
ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ
Publish Date: Sun, 12 Apr 2026 06:53 PM (IST)
Updated Date: Mon, 13 Apr 2026 04:14 AM (IST)

ਜੀਐੱਸਟੀ ਸਮੇਤ ਉਦਯੋਗਿਕ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਨੂੰ ਗੋਬਿੰਦਗੜ੍ਹ ਆਉਣ ਦਾ ਦਿੱਤਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅ਼ਮਲੋਹ : ਮੰਡੀ ਗੋਬਿੰਦਗੜ੍ਹ ਦੇ ਉਦਯੋਗਪਤੀਆਂ ਦਾ ਇੱਕ ਵਿਸ਼ੇਸ਼ ਵਫ਼ਦ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਕਾਰਜਕਾਰਨੀ ਮੈਂਬਰ ਪ੍ਰਦੀਪ ਗਰਗ ਦੀ ਅਗਵਾਈ ਹੇਠ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ। ਇਸ ਮੌਕੇ ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ ਵੀ ਮੌਜੂਦ ਸਨ। ਮੁਲਾਕਾਤ ਦੌਰਾਨ ਵਫ਼ਦ ਨੇ ਨਾਇਬ ਸਿੰਘ ਸੈਣੀ ਨੂੰ ਮੰਡੀ ਗੋਬਿੰਦਗੜ੍ਹ ਆਉਣ ਦਾ ਰਸਮੀ ਸੱਦਾ ਦਿੱਤਾ। ਉਦਯੋਗਪਤੀਆਂ ਨੇ ਗੋਬਿੰਦਗੜ੍ਹ ਦੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ, ਖਾਸ ਕਰਕੇ ਜੀਐਸਟੀ ਨਾਲ ਸਬੰਧਤ ਗੁੰਝਲਦਾਰ ਸਮੱਸਿਆਵਾਂ ਅਤੇ ਹੋਰ ਉਦਯੋਗਿਕ ਮੁੱਦਿਆਂ ਨੂੰ ਕੇਂਦਰ ਸਰਕਾਰ ਰਾਹੀਂ ਹੱਲ ਕਰਵਾਉਣ ਦੀ ਮੰਗ ਕੀਤੀ। ਵਫ਼ਦ ਦੇ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਮੰਡੀ ਗੋਬਿੰਦਗੜ੍ਹ ਦਾ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਖੁਦ ਜੀਐਸਟੀ ਕੌਂਸਲ ਦੀ ਟੀਮ ਦੇ ਮੈਂਬਰ ਹਨ, ਇਸ ਲਈ ਉਹ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਨਿਪਟਾਰਾ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਲਦ ਹੀ ਦੌਰੇ ਦੀ ਤਰੀਕ ਨਿਰਧਾਰਤ ਕਰਕੇ ਵਪਾਰੀਆਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇਗਾ। ਇਸ ਮੌਕੇ ਫਰਨੈਸ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੇ ਚੇਅਰਮੈਨ ਸੁਭਾਸ਼ ਬਾਂਸਲ, ਐੱਸਐੱਸ ਸਟੀਲ ਤੋਂ ਸੁਭਾਸ਼ ਸਿੰਗਲਾ, ਢਾਬਾਵਾਲੀ ਸਟੀਲ ਤੋਂ ਪੁਨੀਤ ਗਰਗ, ਦੇਵੀ ਦਿਆਲ ਪਰਾਸ਼ਰ ਅਤੇ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਗਰਗ ਮੌਜੂਦ ਸਨ। ਇਸ ਤੋਂ ਇਲਾਵਾ ਭਰਤ ਗਰਗ ਅਤੇ ਰਾਘਵ ਗਰਗ ਸਮੇਤ ਇਲਾਕੇ ਦੇ ਹੋਰ ਕਈ ਪਤਵੰਤਿਆਂ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਹਲਕਾ ਅਮਲੋਹ ਦੇ ਸਟੀਲ ਤੇ ਸ਼ੈਲਰ ਉਦਯੋਗ ਦੀ ਬਿਹਤਰੀ ਲਈ ਚਰਚਾ ਕੀਤੀ।