- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਥ ਵਸੇ ਮੈਂ ਉਜੜਾ ਦਾ ਧਾਰਨੀ ਸੀ ਜਥੇਦਾਰ ਗੁਰਦਰਸ਼ਨ ਸਿੰਘ ਸਿਵਦਾਸਪੁਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਜਥੇਦਾਰ ਗੁਰਦਰਸ਼ਨ ਸਿੰਘ ਸ਼ਿਵਦਾਸ ਪੁਰ ਦਾ ਜਨਮ 23 ਜੁਲਾਈ 1943 ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰ ਕੁਚੇਸਰ ਵਿਖੇ ਪਿਤਾ ਨਿਰੰਜਣ ਸਿੰਘ ਤੇ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਉਸ ਵੇਲੇ ਉਨ੍ਹਾਂ ਦੇ ਪਿਤਾ ਹੋਮਿਓਪੈਥੀ ਦੇ ਮਾਹਿਰ ਡਾਕਟਰ ਅਤੇ ਰਾਜੇ ਦੇ ਰਾਜ ਵੈਦ ਵਜੋਂ ਉੱਥੇ ਰਿਹਾਇਸ਼ ਕਰਦੇ ਸਨ। ਬਾਅਦ ਵਿਚ ਪਰਿਵਾਰ ਪੰਜਾਬ ਆ ਕੇ ਆਪਣੇ ਪਿੰਡ ਸਿਵਦਾਸਪੁਰ ਬੱਸੀ ਪਠਾਣਾਂ ਵਿਖੇ ਰਹਿਣ ਲੱਗੇ। ਜਥੇਦਾਰ ਗੁਰਦਰਸ਼ਨ ਸਿੰਘ ਨੂੰ ਧਾਰਮਿਕ ਅਤੇ ਰਾਜਨੀਤਿਕ ਕੰਮਾਂ ਦਾ ਸ਼ੌਕ ਬਚਪਨ ਤੋਂ ਹੀ ਸੀ। ਉਨ੍ਹਾਂ ਦੇ ਮਾਮਾ ਬਚਨ ਸਿੰਘ ਚੱਕਲਾਂ ਉਸ ਵੇਲੇ ਅੰਬਾਲੇ ਜ਼ਿਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਪੰਜਾਬੀ ਸੂਬਾ ਮੋਰਚੇ ਵਿਚ ਹਿੱਸਾ ਲੈਂਦਿਆਂ 17 ਸਾਲ ਦੀ ਉਮਰ ਵਿਚ ਉਹ ਅਕਾਲੀ ਦਲ ਦੇ ਜਥੇ ਨਾਲ ਜੇਲ੍ਹ ਚਲੇ ਗਏ ਅਤੇ ਛੇ ਮਹੀਨੇ ਜੇਲ੍ਹ ਕੱਟੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿੱਖ ਪੰਥ ਦੀਆਂ ਮੰਗਾਂ ਲਈ ਚੱਲ ਰਹੇ ਸੰਘਰਸ਼ ਵਿਚ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਇੰਦਰਾ ਗਾਂਧੀ ਵੱਲੋਂ 1977 ਵਿਚ ਐਮਰਜੈਂਸੀ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਵਿਰੋਧ ਕੀਤਾ ਤੇ ਪਟਿਆਲਾ ਜੇਲ੍ਹ ਵਿਚ ਬੰਦ ਕੀਤਾ ਗਿਆ। ਰਿਹਾਈ ਤੋਂ ਬਾਅਦ ਵੀ ਉਹ ਵਿਰੋਧ ਜਾਰੀ ਰੱਖਦੇ ਅਤੇ ਆਪਣੇ ਸਾਥੀਆਂ ਨਾਲ ਗ੍ਰਿਫ਼ਤਾਰੀਆਂ ਦਿੰਦੇ ਰਹੇ। 1977 ਤੋਂ ਬਾਅਦ ਹੋਈਆਂ ਚੋਣਾਂ ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਧੀਰ ਸਿੰਘ ਚੀਮਾ ਲਈ ਆਪਣਾ ਤੂੜੀ ਦਾ ਕੁੱਪ ਵੇਚ ਕੇ ਹਾਰ ਬਣਾਇਆ। ਜਥੇਦਾਰ ਗੁਰਦਰਸ਼ਨ ਸਿੰਘ ਨੇ ਅਕਾਲੀ ਦਲ ਲਈ ਨਿਸ਼ਕਾਮ ਭਾਵਨਾ ਨਾਲ ਕੰਮ ਕੀਤਾ। ਉਨ੍ਹਾਂ ਨੇ ਆਪਣੇ ਲਈ ਕਦੇ ਕੋਈ ਅਹੁਦਾ ਜਾਂ ਲਾਭ ਨਹੀਂ ਮੰਗਿਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਕਸਰ ਆਖਿਆ ਕਰਦੇ ਸਨ ਕਿ ਜਥੇਦਾਰ ਗੁਰਦਰਸ਼ਨ ਸਿੰਘ ਸਿਵਦਾਸਪੁਰ ਵਰਗੇ ਨਿਸ਼ਕਾਮ ਆਗੂ ਵਿਰਲੇ ਹੀ ਹਨ। ਉਨ੍ਹਾਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਗੁਰਦੀਪ ਸਿੰਘ ਭੱਟੀ, ਰਣਧੀਰ ਸਿੰਘ ਚੀਮਾ, ਬਚਿੱਤਰ ਸਿੰਘ ਪਡਿਆਲਾ, ਕਿਰਪਾਲ ਸਿੰਘ ਲਿਬੜਾ ਅਤੇ ਦੀਦਾਰ ਸਿੰਘ ਭੱਟੀ ਵਰਗੇ ਆਗੂਆਂ ਨਾਲ ਰਲ ਕੇ ਕੰਮ ਕੀਤਾ। ਪੂਰੀ ਜ਼ਿੰਦਗੀ ਵਿਚ ਉਨ੍ਹਾਂ ਨੇ ਢਾਈ ਸਾਲ ਦੀ ਜੇਲ੍ਹ ਯਾਤਰਾ ਕੀਤੀ। ਲਗਾਤਾਰ ਦੂਜੀ ਵਾਰ ਅਕਾਲੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਸੰਘਰਸ਼ੀ ਯੋਧੇ ਦਾ ਖਿਤਾਬ ਦਿੱਤਾ ਅਤੇ ਅੰਮ੍ਰਿਤਸਰ ਸਾਹਿਬ ਬੁਲਾ ਕੇ ਸਪੈਸ਼ਲ ਸਨਮਾਨ ਨਾਲ ਸਰਕਾਰੀ ਪੈਨਸ਼ਨ ਵੀ ਲਗਾਈ। ਫਤਹਿਗੜ੍ਹ ਸਾਹਿਬ ਦੇ ਇਸ ਛੋਟੇ ਪਿੰਡ ਵਿਚੋਂ ਸਭ ਤੋਂ ਵੱਧ ਲੋਕਾਂ ਨੇ ਪੰਥ ਅਤੇ ਪੰਜਾਬ ਲਈ ਜੇਲ੍ਹ ਕੱਟੀ। ਮਿਤੀ 14 ਅਪ੍ਰੈਲ 2021 ਨੂੰ ਇਸ ਧਾਰਮਿਕ ਅਤੇ ਰਾਜਨੀਤਿਕ ਯੋਧੇ ਨੇ ਆਪਣਾ ਸੰਸਾਰ ਤਿਆਗਿਆ। ਅੱਜ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਪਰਿਵਾਰ ਅਤੇ ਇਲਾਕਾ ਨਿਵਾਸੀ ਅੱਖਾਂ ਭਰ ਲੈਂਦੇ ਹਨ। ਉਨ੍ਹਾਂ ਦੇ ਪੁੱਤਰ ਸਵਰਨ ਸਿੰਘ ਸ਼ਿਵਦਾਸਪੁਰ ਵੀ ਸਮਾਜ ਸੇਵੀ ਕੰਮਾਂ ਵਿਚ ਲੱਗੇ ਹੋਏ ਹਨ ਅਤੇ 15 ਸਾਲ ਪਿੰਡ ਦੇ ਸਰਪੰਚ ਤੇ ਬਲਾਕ ਸਮਿਤੀ ਮੈਂਬਰ ਵੀ ਰਹਿ ਚੁੱਕੇ ਹਨ। ਇਨ੍ਹਾਂ ਦੇ ਸਪੁੱਤਰ ਸਵਰਨ ਸਿੰਘ ਸ਼ਿਵਦਾਸਪੁਰ ਵੀ ਸਮਾਜ ਸੇਵੀ ਕੰਮਾਂ ਵਿੱਚ ਲਗਾਤਾਰ ਲੱਗੇ ਹੋਏ ਹਨ 15 ਸਾਲ ਪਿੰਡ ਦੇ ਸਰਪੰਚ ਅਤੇ ਬਲਾਕ ਸੰਮਤੀ ਦੇ ਮੈਂਬਰ ਵੀ ਰਹੇ ਹਨ।