ਨਹਿਰ ’ਚ ਧੱਕਾ ਦੇਣ ਦੇ ਦੋਸ਼ ਹੇਠ ਪਤੀ ਨਾਮਜ਼ਦ
ਨਹਿਰ ’ਚ ਧੱਕਾ ਦੇਣ ਦੇ ਦੋਸ਼ ਹੇਠ ਪਤੀ ਨਾਮਜ਼ਦ
Publish Date: Fri, 10 Apr 2026 05:19 PM (IST)
Updated Date: Fri, 10 Apr 2026 05:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਇਕ ਵਿਅਕਤੀ ਨੂੰ ਪਤਨੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਨਾਮਜ਼ਦ ਕੀਤਾ ਹੈ। ਪਰਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਦਨਘੇੜੀ, ਜ਼ਿਲ੍ਹਾ ਫਤਹਿਗੜ ਸਾਹਿਬ ਨੇ ਪੁਲਿਸ ਕੋਲ ਦਿੱਤੇ ਬਿਆਨ ਵਿਚ ਦੱਸਿਆ ਕਿ 7 ਅਪ੍ਰੈਲ ਨੂੰ ਉਸ ਦਾ ਪਤੀ ਬਲਵਿੰਦਰ ਸਿੰਘ ਉਸ ਨੂੰ ਮੱਥਾ ਟੇਕਣ ਦੇ ਬਹਾਨੇ ਭਾਖੜਾ ਨਹਿਰ ਦੇ ਕੰਢੇ ਲੈ ਗਿਆ ਸੀ। ਜਿਥੇ ਉਸ ਨੇ ਕਥਿਤ ਤੌਰ ’ਤੇ ਉਸ ਦੇ ਗਲ ਵਿਚ ਚੁੰਨੀ ਪਾ ਕੇ ਗਲ ਘੁੱਟ ਦਿੱਤਾ ਅਤੇ ਬੇਹੋਸ਼ ਹੋਣ ’ਤੇ ਉਸ ਨੂੰ ਨਹਿਰ ਵਿਚ ਸੁੱਟ ਦਿੱਤਾ। ਉਹ ਨਹਿਰ ਵਿੱਚ ਡਿੱਗਣ ਤੋਂ ਬਾਅਦ ਹੋਸ਼ ਵਿੱਚ ਆ ਗਈ। ਉਸ ਨੇ ‘ਬਚਾਉ-ਬਚਾਉ’ ਦਾ ਰੌਲਾ ਪਾਇਆ ਤਾਂ ਸੌਂਢਾ ਪੁਲ ਨੇੜੇ ਰਾਹਗੀਰਾਂ ਤੇ ਪਿੰਡਾਂ ਦੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ, ਜਿਸ ਉਪਰੰਤ ਮੁੱਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾਂ ’ਤੇ ਉਸ ਦੇ ਪਤੀ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।