ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਇੱਟਾਂ ਦੇ ਰੇਟ ’ਚ ਭਾਰੀ ਵਾਧਾ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਇੱਟਾਂ ਦੇ ਰੇਟ ’ਚ ਭਾਰੀ ਵਾਧਾ
Publish Date: Sun, 08 Mar 2026 04:20 PM (IST)
Updated Date: Sun, 08 Mar 2026 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਹਿੰਦ ਵਿਖੇ ਭੱਠਾ ਐਸੋਸੀਏਸ਼ਨ ਦੀ ਇਕ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਪ੍ਰੇਮ ਜਿੰਦਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਜ਼ਿਲ੍ਹੇ ਭਰ ਦੇ ਭੱਠਾ ਮਾਲਕਾਂ ਨੇ ਸ਼ਮੂਲੀਅਤ ਕੀਤੀ ਅਤੇ ਭੱਠਾ ਉਦਯੋਗ ਨੂੰ ਦਰਪੇਸ਼ ਗੰਭੀਰ ਆਰਥਿਕ ਸੰਕਟਾਂ ’ਤੇ ਡੂੰਘੀ ਚਿੰਤਾ ਪ੍ਰਗਟਾਈ। ਮੀਟਿੰਗ ਦਾ ਮੁੱਖ ਏਜੰਡਾ ਕੋਲੇ ਦੀਆਂ ਅਸਮਾਨੀ ਚੜ੍ਹ ਰਹੀਆਂ ਕੀਮਤਾਂ ਤੇ ਮਿੱਟੀ ਦੇ ਵਧੇ ਹੋਏ ਰੇਟਾਂ ਕਾਰਨ ਹੋ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ-ਚਰਚਾ ਕਰਨਾ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਪ੍ਰੇਮ ਜਿੰਦਲ ਨੇ ਅੰਕੜਿਆਂ ਸਹਿਤ ਜਾਣਕਾਰੀ ਸਾਂਝੀ ਕੀਤੀ ਕਿ ਭੱਠਾ ਉਦਯੋਗ ਇਸ ਵੇਲੇ ਬਹੁਤ ਮਾੜੇ ਦੌਰ ’ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਕੋਲਾ ਪਹਿਲਾਂ 10, 500 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਮਿਲ ਰਿਹਾ ਸੀ, ਉਸ ਦੀ ਕੀਮਤ ਹੁਣ ਵਧ ਕੇ 16, 500 ਰੁਪਏ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਕੋਲੇ ਦੀ ਇਸ ਮੂਲ ਕੀਮਤ ਤੋਂ ਇਲਾਵਾ ਭੱਠਾ ਮਾਲਕਾਂ ਨੂੰ 18 ਫ਼ੀਸਦੀ ਜੀਐਸਟੀ ਤੇ ਟ੍ਰਾਂਸਪੋਰਟੇਸ਼ਨ (ਕਰਾਇਆ) ਦਾ ਭਾਰੀ ਖ਼ਰਚਾ ਵੱਖਰੇ ਤੌਰ ’ਤੇ ਝੱਲਣਾ ਪੈ ਰਿਹਾ ਹੈ। ਪ੍ਰਧਾਨ ਪ੍ਰੇਮ ਜਿੰਦਲ ਤੇ ਸੈਕਟਰੀ ਨਰਿੰਦਰ ਬਾਂਸਲ ਨੇ ਦੱਸਿਆ ਕਿ ਕੀਮਤਾਂ ਵਧਣ ਦੇ ਬਾਵਜੂਦ ਬਾਜ਼ਾਰ ’ਚ ਕੋਲੇ ਦੀ ਉਪਲੱਬਧਤਾ ਨਾ-ਮਾਤਰ ਹੈ, ਜਿਸ ਕਾਰਨ ਕੰਮ ਚਲਾਉਣਾ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੇ ਰੇਟਾਂ ਵਿਚ ਹੋਏ ਵਾਧੇ ਤੇ ਕੋਲੇ ਦੀ ਮਹਿੰਗਾਈ ਕਾਰਨ ਇੱਟਾਂ ਦੀ ਪੈਦਾਵਾਰ ਦੀ ਲਾਗਤ ਵਿਚ ਵੱਡਾ ਵਾਧਾ ਹੋਇਆ ਹੈ। ਇਸ ਸਥਿਤੀ ਨੂੰ ਦੇਖਦਿਆਂ ਮੀਟਿੰਗ ਵਿਚ ਹਾਜ਼ਰ ਸਾਰੇ ਭੱਠਾ ਮਾਲਕਾਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਫੈਸਲਾ ਲਿਆ ਕਿ ਹੁਣ ਇੱਟਾਂ ਦੀ ਵਿਕਰੀ ਪੁਰਾਣੇ ਰੇਟਾਂ ’ਤੇ ਕਰਨੀ ਸੰਭਵ ਨਹੀਂ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਤੈਅ ਕੀਤਾ ਗਿਆ ਹੈ ਕਿ ਹੁਣ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਇੱਟਾਂ ਦਾ ਨਵਾਂ ਰੇਟ 8, 000 ਰੁਪਏ ਪ੍ਰਤੀ ਹਜ਼ਾਰ ਹੋਵੇਗਾ। ਭੱਠਾ ਮਾਲਕਾਂ ਨੇ ਸਪੱਸ਼ਟ ਕੀਤਾ ਕਿ ਜੇ ਸਰਕਾਰ ਵੱਲੋਂ ਕੋਲੇ ਅਤੇ ਹੋਰ ਸਾਧਨਾਂ ’ਤੇ ਰਾਹਤ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਇਹ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਭੱਠਾ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।