ਮੈਡਲ ਜਿੱਤਣ ਵਾਲੇ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਦਾ ਸਨਮਾਨ
ਮੈਡਲ ਜਿੱਤਣ ਵਾਲੇ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਦਾ ਸਨਮਾਨ
Publish Date: Wed, 18 Mar 2026 06:12 PM (IST)
Updated Date: Wed, 18 Mar 2026 06:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਵੱਖ-ਵੱਖ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਪੈਸ਼ਲ ਲੋੜਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਬੱਚਿਆਂ ਨੇ ਵੱਖ ਵੱਖ ਖੇਡਾਂ ਵਿਚ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਵਿਚ ਮੈਡਲ ਹਾਸਲ ਕੀਤੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬੱਚੇ ਸਿਰਫ਼ ਆਪਣੇ ਮਾਤਾ-ਪਿਤਾ ਦਾ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੇ ਸਟੇਟ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ਕਈ ਮੈਡਲ ਜਿੱਤੇ ਹਨ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਹੋਰ ਦੱਸਿਆ ਕਿ ਜਿਹੜੇ ਬੱਚੇ ਨੈਸ਼ਨਲ ਪੱਧਰ ’ਤੇ ਖੇਡ ਚੁੱਕੇ ਹਨ, ਉਹ ਹੁਣ ਇੰਟਰਨੈਸ਼ਨਲ ਮੁਕਾਬਲਿਆਂ ਲਈ ਵੀ ਤਿਆਰੀ ਕਰ ਰਹੇ ਹਨ। ਏਡੀਸੀ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੱਚਿਆਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਖੇਡਾਂ ਸਬੰਧੀ ਬੁਨਿਆਦੀ ਸਹੂਲਤਾਂ ਅਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਦਰਪੇਸ਼ ਸਮੱਸਿਆਵਾਂ ਨੂੰ ਵੀ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਦੇ ਜਲਦੀ ਹੱਲ ਲਈ ਭਰੋਸਾ ਦਿਵਾਇਆ ਗਿਆ। ਇਸ ਸਨਮਾਨ ਸਮਾਰੋਹ ਦੌਰਾਨ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਗੁਰਵਿੰਦਰ ਸਿੰਘ ਸੋਹੀ, ਰਨਦੀਪ ਸਿੰਘ ਸੋਢੀ, ਸੰਜੀਵ ਦੀਪੂ, ਜਸਕਿਰਨ ਕੌਰ, ਤਰਲੋਚਨ ਸਿੰਘ, ਗੁਰਸੇਵਕ ਸਿੰਘ, ਸੁਭਨੂਰ ਕੌਰ, ਰਾਮ ਨਾਥ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਮੌਜੂਦ ਸਨ।