ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਗਿਆਨਕ ਵਰਕਸ਼ਾਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਗਿਆਨਕ ਵਰਕਸ਼ਾਪ ਆਯੋਜਿਤ
Publish Date: Sat, 25 Apr 2026 05:37 PM (IST)
Updated Date: Sat, 25 Apr 2026 05:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਸਪੈਕਟ੍ਰੋਫੋਟੋਮੀਟਰਾਂ ’ਤੇ ਪ੍ਰਯੋਗਾਤਮਕ ਸਿਖਲਾਈ 2026’ ਵਿਸ਼ੇ ’ਤੇ ਪੰਜ ਦਿਨਾਂ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਈ। ਯੂਨੀਵਰਸਿਟੀ ਦੇ ਕੇਂਦਰੀ ਉਪਕਰਣ ਸਹੂਲਤ ਕੇਂਦਰ ਵਿੱਚ ਕਰਵਾਈ ਗਈ ਇਸ ਵਰਕਸ਼ਾਪ ’ਚ ਵਿਭਿੰਨ ਵਿਗਿਆਨਕ ਵਿਭਾਗਾਂ ਦੇ ਵਿਦਿਆਰਥੀਆਂ, ਖੋਜਕਰਤਿਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਇਸ ਦਾ ਮੁੱਖ ਮਕਸਦ ਭਾਗੀਦਾਰਾਂ ਨੂੰ ਸਪੈਕਟ੍ਰੋਫੋਟੋਮੀਟ੍ਰਿਕ ਤਕਨੀਕਾਂ ਅਤੇ ਉਨ੍ਹਾਂ ਦੇ ਰਸਾਇਣਕ ਤੇ ਜੀਵ ਵਿਗਿਆਨਕ ਵਿਸ਼ਲੇਸ਼ਣ ਬਾਰੇ ਗਹਿਰਾਈ ਨਾਲ ਜਾਣੂ ਕਰਵਾਉਣਾ ਸੀ। ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ ਨੇ ਦੱਸਿਆ ਕਿ ਇਸ ਵਰਕਸ਼ਾਪ ਤੋਂ 60 ਤੋਂ ਵੱਧ ਵਿਦਿਆਰਥੀਆਂ ਨੇ ਲਾਭ ਪ੍ਰਾਪਤ ਕੀਤਾ। ਵਰਕਸ਼ਾਪ ਦੌਰਾਨ ਪ੍ਰੋ. ਤੇਜਬੀਰ ਸਿੰਘ, ਡਾ. ਰੁਪਿੰਦਰ ਪਾਲ ਸਿੰਘ, ਡਾ. ਮੋਨਿਕਾ ਐਰੀ, ਡਾ. ਖੁਸ਼ਬੂ ਵਰਮਾ ਅਤੇ ਡਾ. ਰਾਹੁਲ ਬਦਰੂ ਨੇ ਵਿਸ਼ੇਸ਼ ਵਿਖਿਆਨ ਦਿੱਤੇ। ਵਾਈਸ-ਚਾਂਸਲਰ ਪ੍ਰੋ. ਡਾ. ਪਰਿਤ ਪਾਲ ਸਿੰਘ ਨੇ ਆਯੋਜਕਾਂ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਗਿਆਨਕ ਹੁਨਰ ਨੂੰ ਨਿਖਾਰਨ ਲਈ ਲਾਹੇਵੰਦ ਹਨ। ਪ੍ਰੋ. ਤੇਜਬੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਸਿਖਲਾਈ ਨਾਲ ਲੈਸ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਮਾਪਨ ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਪ੍ਰਮਾਣ-ਪੱਤਰ ਵੰਡੇ ਗਏ ਅਤੇ ਯੂਨੀਵਰਸਿਟੀ ਨੇ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।