ਖਮਾਣੋਂ ’ਚ ਹਾਈ-ਵੋਲਟੇਜ ਡਰਾਮਾ: ਇਨਸਾਫ਼ ਨਾ ਮਿਲਣ 'ਤੇ 4 ਸਾਲਾ ਧੀ ਨੂੰ ਲੈ ਕੇ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ
ਖਮਾਣੋਂ ਦੇ ਵਾਰਡ ਨੰਬਰ 12 ਵਿੱਚ ਉਸ ਸਮੇਂ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਾਨੋਵਾਲ ਖੁਰਦ ਦਾ ਰਹਿਣ ਵਾਲਾ ਅਮਰਪਾਲ ਸਿੰਘ ਆਪਣੀ 4 ਸਾਲ ਦੀ ਮਾਸੂਮ ਧੀ ਨਮਰਿਤ ਕੌਰ ਨੂੰ ਲੈ ਕੇ ਸਵੇਰੇ ਕਰੀਬ 5:30 ਵਜੇ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ।
Publish Date: Sun, 07 Jun 2026 11:17 AM (IST)
Updated Date: Sun, 07 Jun 2026 11:19 AM (IST)
ਦੀਪਕ ਸੂਦ, ਖਮਾਣੋਂ (ਫ਼ਤਹਿਗੜ੍ਹ ਸਾਹਿਬ)। ਖਮਾਣੋਂ ਦੇ ਵਾਰਡ ਨੰਬਰ 12 ਵਿੱਚ ਉਸ ਸਮੇਂ ਸਥਿਤੀ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਾਨੋਵਾਲ ਖੁਰਦ ਦਾ ਰਹਿਣ ਵਾਲਾ ਅਮਰਪਾਲ ਸਿੰਘ ਆਪਣੀ 4 ਸਾਲ ਦੀ ਮਾਸੂਮ ਧੀ ਨਮਰਿਤ ਕੌਰ ਨੂੰ ਲੈ ਕੇ ਸਵੇਰੇ ਕਰੀਬ 5:30 ਵਜੇ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ 'ਤੇ ਚੜ੍ਹ ਗਿਆ।
ਤਪਦੀ ਗਰਮੀ ਵਿੱਚ ਮਾਸੂਮ ਬੱਚੀ ਦੇ ਨਾਲ ਨੌਜਵਾਨ ਨੂੰ ਟਾਵਰ 'ਤੇ ਦੇਖ ਕੇ ਮੌਕੇ 'ਤੇ ਭਾਰੀ ਭੀੜ ਜਮ੍ਹਾ ਹੋ ਗਈ। ਟਾਵਰ ਤੋਂ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਅਮਰਪਾਲ ਸਿੰਘ ਨੇ ਦੱਸਿਆ ਕਿ ਉਹ ਸਾਲ 2019 ਤੋਂ ਅਨਮੋਲਪ੍ਰੀਤ ਕੌਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ ਅਤੇ ਇਹ ਬੱਚੀ ਉਨ੍ਹਾਂ ਦੀ ਹੀ ਹੈ।
ਉਸਦੀ ਪਤਨੀ ਖਮਾਣੋਂ ਦੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਕੰਮ ਕਰਦੀ ਹੈ। ਅਮਰਪਾਲ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੀ ਪਤਨੀ ਦੇ ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਹ ਹੁਣ ਉਕਤ ਮੈਨੇਜਰ ਨਾਲ ਫ਼ਰਾਰ ਹੋ ਗਈ ਹੈ।
ਪੀੜਤ ਨੌਜਵਾਨ ਮੁਤਾਬਕ, ਉਹ ਆਪਣੀ ਪਤਨੀ ਦੀ ਬਰਾਮਦਗੀ ਅਤੇ ਇਨਸਾਫ਼ ਲਈ ਕਈ ਵਾਰ ਸਥਾਨਕ ਪੁਲਿਸ ਥਾਣੇ ਗਿਆ ਪਰ ਪ੍ਰਸ਼ਾਸਨ ਨੇ ਉਸਦੀ ਕੋਈ ਸੁਣਵਾਈ ਨਹੀਂ ਕੀਤੀ। ਪੁਲਿਸ ਦੇ ਇਸੇ ਢਿੱਲੇ ਰਵੱਈਏ ਤੋਂ ਮਜਬੂਰ ਹੋ ਕੇ ਉਸਨੂੰ ਆਪਣੀ ਅਤੇ ਬੱਚੀ ਦੀ ਜਾਨ ਜੋਖਮ ਵਿੱਚ ਪਾ ਕੇ ਇਹ ਖ਼ੌਫਨਾਕ ਕਦਮ ਚੁੱਕਣਾ ਪਿਆ। ਇਸ ਹਾਈ-ਵੋਲਟੇਜ ਡਰਾਮੇ ਦੌਰਾਨ ਭਿਆਨਕ ਗਰਮੀ ਕਾਰਨ ਟਾਵਰ 'ਤੇ ਬੱਚੀ ਦੀ ਹਾਲਤ ਵਿਗੜਨ ਲੱਗੀ।
ਮਾਸੂਮ ਨੂੰ ਭੁੱਖ-ਪਿਆਸ ਨਾਲ ਤੜਫਦਾ ਦੇਖ ਕੇ ਵਾਰਡ ਨੰਬਰ 12 ਦੇ ਨਿਵਾਸੀਆਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਅਤੇ ਕਿਸੇ ਤਰ੍ਹਾਂ ਟਾਵਰ 'ਤੇ ਖਾਣ-ਪੀਣ ਦੀ ਸਮੱਗਰੀ ਪਹੁੰਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚੇ।
ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵੱਲੋਂ ਨੌਜਵਾਨ ਨੂੰ ਸਮਝਾ-ਬੁਝਾ ਕੇ ਸੁਰੱਖਿਅਤ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।