ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ
ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ
Publish Date: Sat, 25 Apr 2026 05:31 PM (IST)
Updated Date: Sat, 25 Apr 2026 05:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਿਵਲ ਸਰਜਨ ਡਾ. ਅਰਵਿੰਦਰਪਾਲ ਸਿੰਘ ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਪ੍ਰਭਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਬਸੀ ਪਠਾਣਾਂ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ’ਚ ਸ਼ਾਮਲ ਡਾ. ਸਰਬਜੀਤ ਸਿੰਘ, ਡਾ. ਭਵਨੀਤ ਕੌਰ ਅਤੇ ਸਿਹਤ ਇੰਸਪੈਕਟਰ ਸਤਿਆਪਾਲ ਬੈਂਸ ਨੇ ਲੋਕਾਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮਾਹਿਰਾਂ ਨੇ ਦੱਸਿਆ ਕਿ ਕਾਂਬਾ ਲੱਗ ਕੇ ਤੇਜ਼ ਬੁਖਾਰ ਹੋਣਾ, ਸਿਰ ਦਰਦ, ਪਸੀਨਾ ਆਉਣਾ ਅਤੇ ਕਮਜ਼ੋਰੀ ਮਹਿਸੂਸ ਹੋਣਾ ਮਲੇਰੀਆ ਦੇ ਮੁੱਖ ਲੱਛਣ ਹਨ। ਉਨ੍ਹਾਂ ਹਦਾਇਤ ਕੀਤੀ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ, ਸਾਫ਼-ਸਫ਼ਾਈ ਦਾ ਧਿਆਨ ਰੱਖਿਆ ਜਾਵੇ ਅਤੇ ਸਰੀਰ ਨੂੰ ਢਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ। ਇਸ ਦੇ ਨਾਲ ਹੀ ਟੀਮ ਵੱਲੋਂ ਡੇਂਗੂ, ਚਿਕਨਗੁਨੀਆ, ਹੀਟ ਵੇਵ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਬਚਾਅ ਤੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਲੈਬਾਰਟਰੀ ਟੈਕਨੀਸ਼ੀਅਨ ਬਲਪ੍ਰੀਤ ਕੌਰ, ਰਵਿੰਦਰ ਸਿੰਘ, ਬਲਜੀਤ ਸਿੰਘ, ਵਿਕਰਮ ਸਿੰਘ ਅਤੇ ਜਗਵੀਰ ਸਿੰਘ ਸਮੇਤ ਹੋਰ ਸਟਾਫ਼ ਹਾਜ਼ਰ ਸਨ।