ਹੱਡਾ-ਰੋੜੀ ਦੇ ਕੁੱਤਿਆਂ ਨੇ 3 ਸਾਲਾ ਬੱਚੀ ਨੂੰ ਨੋਚ-ਨੋਚ ਮਾਰਿਆ
ਹੱਡਾ ਰੋੜੀ ਦੇ ਕੁੱਤਿਆਂ ਨੇ 3 ਸਾਲਾ ਬੱਚੀ ਨੂੰ ਨੋਚ-ਨੋਚ ਮਾਰਿਆ
Publish Date: Sat, 07 Mar 2026 07:47 PM (IST)
Updated Date: Sat, 07 Mar 2026 07:51 PM (IST)
ਪੰਜਾਬੀ ਜਾਗਰਣ ਟੀਮ, ਖਮਾਣੋ : ਨੇੜਲੇ ਪਿੰਡ ਲਖਨਪੁਰ ਵਿਚ ਅਵਾਰਾ ਕੁੱਤਿਆਂ ਨੇ ਪਰਵਾਸੀ ਮਜ਼ਦੂਰ ਦੀ ਤਿੰਨ ਸਾਲਾ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਬੱਚੀ ਮਨੀਸ਼ਾ ਆਪਣੀ ਮਾਂ ਦੇ ਪਿੱਛੇ ਮੋਟਰ ਤੋਂ ਪਾਣੀ ਭਰਨ ਗਈ ਸੀ। ਬੱਚੀ ਨੂੰ ਹੱਡਾ ਰੋੜੀ ਤੋਂ ਆਏ 4-5 ਆਵਾਰਾ ਕੁੱਤਿਆਂ ਨੇ ਘੇਰ ਲਿਆ ਤੇ ਹਮਲਾ ਕਰ ਦਿੱਤਾ। ਜਦੋਂ ਤੱਕ ਮਾਂ ਦੌੜ ਕੇ ਪਹੁੰਚੀ ਤਾਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਬੱਚੀ ਦਾ ਪਿਤਾ ਦਾ ਨਾਂ ਛੋਟੂ ਹੈ ਤੇ ਉਹ ਪਰਿਵਾਰ ਸਮੇਤ ਪਿਛਲੇ ਕਈ ਸਾਲਾਂ ਤੋਂ ਲਖਨਪੁਰ ਵਿਚ ਰਹਿ ਕੇ ਖੇਤ-ਮਜ਼ਦੂਰੀ ਕਰ ਰਿਹਾ ਹੈ। ਬਿਹਾਰ ਦੇ ਪੂਰਨੀਆਂ ਜ਼ਿਲ੍ਹੇ ਨਾਲ ਸਬੰਧਤ ਇਹ ਮਜ਼ਦੂਰ ਪਰਿਵਾਰ ਨੰਬਰਦਾਰ ਜਰਨੈਲ ਸਿੰਘ ਦੀ ਮੋਟਰ ਉੱਤੇ ਰਹਿ ਰਿਹਾ ਹੈ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਦੱਸਿਆ ਕਿ ਆਵਾਰਾ ਕੁੱਤਿਆਂ ਤੋਂ ਬਚਾਅ ਲਈ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕ ਰਿਹਾ ਹਾਲਾਂਕਿ ਦਰਜਨਾਂ ਵਾਰ ਇਹ ਆਵਾਜ਼ ਅਫ਼ਸਰਸ਼ਾਹੀ ਤੱਕ ਪਹੁੰਚਾਈ ਹੈ।