ਮਾਤਾ ਗੁਜਰੀ ਕਾਲਜ ’ਚ ਗੈਸਟ ਲੈਕਚਰ ਕਰਵਾਇਆ
ਮਾਤਾ ਗੁਜਰੀ ਕਾਲਜ ਵਿੱਚ ਝਿੰਗਾ ਪਾਲਣ ’ਤੇ ਗੈਸਟ ਲੈਕਚਰ
Publish Date: Wed, 11 Mar 2026 05:04 PM (IST)
Updated Date: Wed, 11 Mar 2026 05:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਗੈਸਟ ਲੈਕਚਰ ਕਰਵਾਇਆ ਗਿਆ। ਇਸ ਵਿਚ ਰਾਸ਼ੂ ਮਹਿੰਦੀਰੱਤਾ, ਸਹਾਇਕ ਡਾਇਰੈਕਟਰ ਫ਼ਿਸ਼ਰੀਜ਼, ਫ਼ਤਹਿਗੜ੍ਹ ਸਾਹਿਬ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਲੈਕਚਰ ਦਾ ਮੁੱਖ ਉਦੇਸ਼ ਪੰਜਾਬ ਵਿੱਚ ਝਿੰਗਾ ਪਾਲਣ ਦੇ ਭਵਿੱਖ ਅਤੇ ਇਸ ਖੇਤਰ ਵਿੱਚ ਮੌਜੂਦ ਵੱਡੀਆਂ ਸੰਭਾਵਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ। ਰਾਸ਼ੂ ਮਹਿੰਦੀਰੱਤਾ ਨੇ ਦੱਸਿਆ ਕਿ ਖਾਰੇ ਅਤੇ ਬੰਜਰ ਇਲਾਕਿਆਂ ਨੂੰ ਝਿੰਗਾ ਪਾਲਣ ਲਈ ਸਫ਼ਲਤਾਪੂਰਵਕ ਵਰਤਿਆ ਜਾ ਸਕਦਾ ਹੈ ਜਿਸ ਨਾਲ ਕਿਸਾਨਾਂ ਅਤੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਉਨ੍ਹਾਂ ਝਿੰਗਾ ਫੀਡ ਕਾਰੋਬਾਰ, ਝਿੰਗਾ ਪ੍ਰੋਸੈਸਿੰਗ ਅਤੇ ਇਸ ਉਦਯੋਗ ਨਾਲ ਜੁੜੀਆਂ ਵੱਖ-ਵੱਖ ਸਰਕਾਰੀ ਸਬਸਿਡੀਆਂ ਤੇ ਤਕਨੀਕੀ ਸਹਾਇਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਨਵੇਂ ਖੇਤਰਾਂ ਵਿੱਚ ਉਦਯੋਗਿਕ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਨਿਰੰਤਰ ਅਜਿਹੀਆਂ ਗਤੀਵਿਧੀਆਂ ਕਰਦਾ ਰਹਿੰਦਾ ਹੈ। ਜ਼ੂਆਲੋਜੀ ਵਿਭਾਗ ਦੀ ਮੁਖੀ ਪ੍ਰੋ. ਪ੍ਰਦੀਪ ਕੌਰ ਸੰਧੂ ਨੇ ਦੱਸਿਆ ਕਿ ਖਾਰੇ ਇਲਾਕਿਆਂ ਵਿੱਚ ਝਿੰਗਾ ਪਾਲਣ ਰਵਾਇਤੀ ਖੇਤੀ ਦਾ ਟਿਕਾਊ ਅਤੇ ਲਾਭਕਾਰੀ ਵਿਕਲਪ ਬਣ ਸਕਦਾ ਹੈ ਅਤੇ ਵਿਦਿਆਰਥੀ ਇਸ ਖੇਤਰ ਵਿੱਚ ਨਵੇਂ ਉਦਯੋਗਿਕ ਮੌਕੇ ਖੋਜ ਸਕਦੇ ਹਨ। ਡਾ. ਨੈਨਾ ਖੁੱਲਰ ਨੇ ਵੀ ਅਜਿਹੀਆਂ ਗਤੀਵਿਧੀਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਸੀਨੀਅਰ ਫ਼ਿਸ਼ਰੀ ਅਫ਼ਸਰ ਸੁਖਵਿੰਦਰ ਕੌਰ, ਡਾ. ਹਰਸਿਮਰਨਜੀਤ ਸਿੰਘ, ਪ੍ਰੋ. ਪਰਵੀਨ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।