ਗਿਆਨੀ ਹਰਪ੍ਰੀਤ ਸਿੰਘ ਦੀ ਭਾਜਪਾ ਨਾਲ ਗੱਠਜੋੜ ਵਾਲੀ ਬਿਆਨਬਾਜ਼ੀ ਗੈਰ-ਸਿਧਾਂਤਕ : ਟਿਵਾਣਾ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਅਤੇ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪੂਨਰ ਸੁਰਜੀਤ ਅਕਾਲੀ ਦਲ ਦੇ ਮੁੱਖੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਜਪਾ ਨਾਲ ਗੱਠਜੋੜ ਕਰਨ ਦੇ ਦਿੱਤੇ ਬਿਆਨ ਨੂੰ ਦਿਸ਼ਾਹੀਣ ਅਤੇ ਗੈਰ-ਸਿਧਾਂਤਕ ਕਰਾਰ ਦਿੱਤਾ ਹੈ। ਟਿਵਾਣਾ ਨੇ ਕਿਹਾ ਕਿ ਇਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਮਿਲ ਕੇ ਪੰਥਕ ਏਕਤਾ ਦੀ ਗੱਲ ਕਰ ਰਹੇ ਹਨ
Publish Date: Wed, 22 Apr 2026 05:41 PM (IST)
Updated Date: Wed, 22 Apr 2026 05:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ ਅਤੇ ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਪੂਨਰ ਸੁਰਜੀਤ ਅਕਾਲੀ ਦਲ ਦੇ ਮੁੱਖੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਭਾਜਪਾ ਨਾਲ ਗੱਠਜੋੜ ਕਰਨ ਦੇ ਦਿੱਤੇ ਬਿਆਨ ਨੂੰ ਦਿਸ਼ਾਹੀਣ ਅਤੇ ਗੈਰ-ਸਿਧਾਂਤਕ ਕਰਾਰ ਦਿੱਤਾ ਹੈ। ਟਿਵਾਣਾ ਨੇ ਕਿਹਾ ਕਿ ਇਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਮਿਲ ਕੇ ਪੰਥਕ ਏਕਤਾ ਦੀ ਗੱਲ ਕਰ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਕੌਮ ਤੇ ਪੰਜਾਬ ਵਿਰੋਧੀ ਜਮਾਤਾਂ ਨਾਲ ਗੱਠਬੰਧਨ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸਿੱਖਾਂ ਦੇ ਕਾਤਲਾਂ ਨਾਲ ਹੱਥ ਮਿਲਾਉਣ ਪਿੱਛੇ ਉਨ੍ਹਾਂ ਦੀ ਕੀ ਦਲੀਲ ਅਤੇ ਮਕਸਦ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸਿਆਸੀ ਮਾਮਲਿਆਂ ਦੀ ਕਮੇਟੀ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਂਝਾ ਪੰਥਕ ਮੁਹਾਜ ਬਣਾਉਣ ਦਾ ਫੈਸਲਾ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮਕਸਦ ਸਿਰਫ਼ ਸਿਆਸੀ ਤਾਕਤ ਪ੍ਰਾਪਤ ਕਰਨਾ ਹੈ ਤਾਂ ਗੁਰੂ ਸਾਹਿਬਾਨ ਦੀ ਆਜ਼ਾਦ ਸੋਚ ਅਤੇ ਕੌਮੀ ਅਣਖ-ਗੈਰਤ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਖਾਲਸਾ ਪੰਥ ਦੀ ਆਨ-ਸ਼ਾਨ ਬਹਾਲ ਕਰਨ ਅਤੇ ਪੰਥਕ ਸਰਕਾਰ ਕਾਇਮ ਕਰਨ ਲਈ ਪੰਥ ਵਿਰੋਧੀ ਤਾਕਤਾਂ ਦੀਆਂ ਫੌੜੀਆਂ ਦਾ ਸਹਾਰਾ ਬਿਲਕੁਲ ਨਹੀਂ ਲੈਣਾ ਚਾਹੀਦਾ।
ਟਿਵਾਣਾ ਨੇ ਸਮੂਹ ਪੰਥਕ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਛੋਟੇ-ਮੋਟੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਫ਼ਿਰਕੂ ਤਾਕਤਾਂ ਨੂੰ ਹਰਾਉਣ ਲਈ ਇਕਜੁੱਟ ਹੋਣ। ਉਨ੍ਹਾਂ ਕਿਹਾ ਕਿ ਬਾਦਲ ਟੋਲੇ ਦਾ ਸਿਆਸੀ ਸਫਾਇਆ ਕਰਨ ਲਈ ਗੈਰ-ਸਿਧਾਂਤਕ ਸਮਝੌਤੇ ਕਰਕੇ ਸਿੱਖੀ ਸੋਚ ਦਾ ਘਾਣ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਪੰਥਕ ਆਗੂ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਠੇ ਹੋ ਕੇ ਅਗਲੀ ਸਿਆਸੀ ਜੰਗ ਫਤਹਿ ਕਰਨਗੇ ਅਤੇ ਖਾਲਸਾ ਪੰਥ ਦੇ ਆਜ਼ਾਦੀ ਦੇ ਮਿਸ਼ਨ ਲਈ ਦ੍ਰਿੜ ਹੋਣਗੇ।