ਛੋਟਾ ਸਿਲੰਡਰ ਭਰਦੇ ਸਮੇਂ ਕਮਰੇ ’ਚ ਲੱਗੀ ਅੱਗ, ਛੇ ਪ੍ਰਵਾਸੀ ਝੁਲਸੇ
ਛੋਟਾ ਸਿਲੰਡਰ ਭਰਦੇ ਸਮੇਂ ਕਮਰੇ ’ਚ ਫ਼ੈਲੀ ਗੈਸ ਨੂੰ ਲੱਗੀ ਅੱਗ, ਛੇ ਪ੍ਰਵਾਸੀ ਝੁਲਸੇ
Publish Date: Sat, 11 Apr 2026 07:11 PM (IST)
Updated Date: Sat, 11 Apr 2026 07:14 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵਾਸੀਆਂ ਦੇ ਇਕ ਕਮਰੇ ਵਿਚ ਲੱਗੀ ਅੱਗ ਕਾਰਨ ਛੇ ਵਿਅਕਤੀਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ’ਚ ਦਾਖਲ ਇਕ ਵਿਅਕਤੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਕੀਟ ਵਿਚ ਗੈਸ ਨਾ ਮਿਲਣ ਕਾਰਨ ਉਨ੍ਹਾਂ ਵਲੋਂ ਆਪਣੇ ਕਿਰਾਏ ’ਤੇ ਲਏ ਕਮਰੇ ਵਿਚ ਗੈਸ ਦੀ ਕਿੱਲਤ ਕਾਰਨ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿਚ ਗੈਸ ਭਰਦੇ ਸਮੇਂ ਲੀਕ ਹੋਈ ਗੈਸ ਕਮਰੇ ਵਿਚ ਫੈਲ ਗਈ, ਜਦੋਂ ਉਨ੍ਹਾਂ ਵਲੋਂ ਰੋਟੀ ਬਣਾਉਣ ਲਈ ਅੱਗ ਜਲਾਈ ਤਾਂ ਕਮਰੇ ਚ ਫੈਲੀ ਗੈਸ ਕਰਨ ਪੂਰੇ ਕਮਰੇ ਵਿੱਚ ਅੱਗ ਫੈਲ ਗਈ। ਸਿੱਟੇ ਵਜੋਂ ਕਮਰੇ ਵਿਚ ਬੈਠੇ ਛੇ ਪ੍ਰਵਾਸੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਸ ਘਟਨਾ ਦਾ ਪਤਾ ਲੱਗਣ ’ਤੇ ਨਾਲ ਲਗਦੇ ਕਮਰਿਆਂ ਵਿੱਚੋਂ ਨਿੱਕਲ ਕੇ ਆਏ ਵਿਆਕਤੀਆਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਹਾਦਸੇ ’ਚ ਝੁਲਸੇ ਵਿਅਕਤੀਆਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਵਿਚ ਗੋਲੂ, ਇਰਮਾਨ, ਸੁਨੀਲ, ਵਿਸ਼ਾਲ, ਵਾਰਿਸ ਅਤੇ ਬਬਲੂ ਸ਼ਾਮਲ ਹਨ।