ਕੈਂਸਰ ਦੀ ਜਾਂਚ ਲਈ ਮੁਫ਼ਤ ਕੈਂਪ ਭਲਕੇ
ਜ਼ਿਲ੍ਹਾ ਹਸਪਤਾਲ ਵਿਚ ਕੈਂਸਰ ਦੀ ਜਾਂਚ ਲਈ ਮੁਫ਼ਤ ਕੈਂਪ ਭਲਕੇ
Publish Date: Sat, 07 Feb 2026 05:24 PM (IST)
Updated Date: Sun, 08 Feb 2026 04:03 AM (IST)

ਵਿਸ਼ਾਲ ਮੈਗਾ ਕੈਂਪ ਦੌਰਾਨ ਆਧੁਨਿਕ ਮਸ਼ੀਨਾਂ ਨਾਲ ਹੋਵੇਗੀ ਮੁਫ਼ਤ ਜਾਂਚ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ 9 ਫਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੈਂਸਰ ਦੀ ਮੁੱਢਲੀ ਪਛਾਣ ਕਰਨ ਲਈ ਮੁਫ਼ਤ ਵਿਸ਼ੇਸ਼ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੀ ਰਜਿਸਟਰੇਸ਼ਨ ਉਸੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਕੀਤੀ ਜਾਵੇਗੀ। ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਮਾਹਿਰ ਡਾਕਟਰਾਂ ਅਤੇ ਮਾਹਰ ਟੈਕਨੀਸ਼ੀਅਨਾ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦੀ ਕੈਂਸਰ ਸਬੰਧੀ ਮੁਢਲੀ ਜਾਂਚ ਕਰਕੇ ਮੁਫ਼ਤ ਇਲਾਜ ਸ਼ੁਰੂ ਕੀਤਾ ਜਾਵੇਗਾ। ਕੈਂਪ ਦੌਰਾਨ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ ਸਮੀਅਰ ਟੈਸਟ, ਬਲੱਡ ਕੈਂਸਰ ਜਾਂਚ ਟੈਸਟ, ਪੀਐਸਏ ਟੈਸਟ, ਓਰਲ ਕੈਂਸਰ ਸਕਰੀਨਿੰਗ, ਹੱਡੀਆਂ ਦੀ ਜਾਂਚ ਲਈ ਟੈਸਟ, ਅੱਖਾਂ ਦੀ ਸਕਰੀਨਿੰਗ, ਬਲੱਡ ਪ੍ਰੈੱਸ਼ਰ, ਖੂਨ ਟੈਸਟ, ਸ਼ੂਗਰ ਟੈਸਟ, ਜਨਰਲ ਮੈਡੀਕਲ ਚੈੱਕ ਅਪ ਅਤੇ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ ਵੱਖ ਮਾਹਿਰਾਂ ਵੱਲੋਂ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਵਾਰਸਾਂ ਅਤੇ ਆਮ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਦੇ ਮੁੱਢਲੇ ਲੱਛਣ, ਇਲਾਜ ਬਾਰੇ ਵੀ ਵਿਸਥਾਰ ਸਹਿਤ ਜਾਣੂ ਕਰਵਾਇਆ ਜਾਵੇਗਾ ਅਤੇ ਜਾਗਰੂਕਤਾ ਸਮਗਰੀ ਵੀ ਵੰਡੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੈਗਾ ਕੈਂਪ ਵਿਚ ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ ਆ ਰਹੀਆਂ ਹਨ ਇਸ ਲਈ ਸਿਹਤ ਸਬੰਧੀ ਕੋਈ ਸ਼ੱਕ ਦੂਰ ਕਰਨ, ਸਲਾਹ ਮਸ਼ਵਰਾ ਕਰਨ, ਸਰੀਰਕ ਜਾਂਚ, ਸਰੀਰ ਤੇ ਕੋਈ ਵੀ ਪੁਰਾਣੀ ਗੰਢ ਗਿਲਟੀ ਦੀ ਜਾਂਚ ਆਦਿ ਲਈ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤਾਂਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼਼ ਕੁਮਾਰ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਾਰੁਲ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਬਲਜਿੰਦਰ ਸਿੰਘ, ਅਮਨਪ੍ਰੀਤ ਸਿੰਘ ਮੌਜੂਦ ਸਨ।