ਸਰਬ ਸਾਂਝਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਕਰਵਾਇਆ
ਪਿੰਡ ਹਰਨਾ ਵਿੱਚ ਚੌਥਾ ਸਰਬ ਸਾਂਝਾ ਕਬੱਡੀ ਕੱਪ ਤੇ ਕੁਸ਼ਤੀ ਦੰਗਲ
Publish Date: Sat, 21 Feb 2026 04:55 PM (IST)
Updated Date: Sat, 21 Feb 2026 04:57 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਖੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਤਹਿਤ ਪਿੰਡਾਂ ਵਿੱਚ ਖੇਡ ਮੈਦਾਨ ਉਸਾਰੇ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਹ ਵਿਚਾਰ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਪਿੰਡ ਹਰਨਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਚੌਥੇ ਸਰਬ ਸਾਂਝਾ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਦੇ ਉਦਘਾਟਨ ਮੌਕੇ ਪ੍ਰਗਟ ਕੀਤੇ। ਵਿਧਾਇਕ ਰਾਏ ਨੇ ਦੱਸਿਆ ਕਿ ਹਲਕੇ ਦੇ ਬਹੁਤ ਸਾਰੇ ਪਿੰਡਾਂ ਵਿੱਚ ਖੇਡ ਮੈਦਾਨਾਂ ਦਾ ਕੰਮ ਜਾਰੀ ਹੈ ਜੋ ਆਧੁਨਿਕ ਤਕਨੀਕ ਨਾਲ ਬਣ ਰਹੇ ਹਨ। ਇਨ੍ਹਾਂ ਮੈਦਾਨਾਂ ਵਿੱਚ ਖੇਡ ਟਰੈਕ ਬਣਾਏ ਜਾ ਰਹੇ ਹਨ ਅਤੇ ਲਾਈਟਾਂ ਤੇ ਬਾਥਰੂਮਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਲਿਆਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਦਾ ਸਕਾਰਾਤਮਕ ਅਸਰ ਪਿੰਡਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਸਾਰੇ ਇੱਕਜੁੱਟ ਹੋ ਕੇ ਇਸੇ ਤਰ੍ਹਾਂ ਕੋਸ਼ਿਸ਼ਾਂ ਜਾਰੀ ਰੱਖੀਏ ਤਾਂ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰ ਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਲੈ ਆਵਾਂਗੇ। ਉਨ੍ਹਾਂ ਗ੍ਰਾਮ ਪੰਚਾਇਤ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਧਾਇਕ ਨੂੰ ਸਨਮਾਨਿਤ ਵੀ ਕੀਤਾ ਗਿਆ। ਟੂਰਨਾਮੈਂਟ ਦੌਰਾਨ ਨੌਜਵਾਨ ਮੁੰਡਿਆਂ ਨੇ ਕਬੱਡੀ ਵਿੱਚ ਜੌਹਰ ਦਿਖਾਏ, ਜਦਕਿ ਭਲਵਾਨਾਂ ਨੇ ਕੁਸ਼ਤੀ ਦੰਗਲ ਵਿੱਚ ਤਾਕਤ ਜਮਾਈ। ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ।