ਚੋਰਾਂ ਦੀ ਨਿਸ਼ਾਨਦੇਹੀ ਤੋਂ ਚਾਰ ਹੋਰ ਮੋਟਰਸਾਈਕਲ ਬਰਾਮਦ
ਚੋਰਾਂ ਦੀ ਨਿਸ਼ਾਨਦੇਹੀ ਤੋਂ ਚਾਰ ਹੋਰ ਮੋਟਰਸਾਈਕਲ ਬਰਾਮਦ
Publish Date: Wed, 11 Mar 2026 05:09 PM (IST)
Updated Date: Wed, 11 Mar 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪੁਲਿਸ ਨੇ ਚੋਰਾਂ ਦੀ ਨਿਸ਼ਾਨਦੇਹੀ ਤੋਂ ਬੁਲੇਟ ਸਮੇਤ ਚਾਰ ਬਾਈਕ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਬਰਾਮਦ ਹੋਏ ਮੋਟਰਸਾਈਕਲਾਂ ਦੀ ਗਿਣਤੀ ਪੰਜ ਹੋ ਗਈ ਹੈ। ਜਿਨਾਂ ਵਿੱਚ 2 ਬੁਲੇਟ ਤੇ 3 ਸਪਲੈਂਡਰ ਮੋਟਰਸਾਈਕਲ ਸ਼ਾਮਿਲ ਹਨ। ਇਹ ਜਾਣਕਾਰੀ ਪੁਲਿਸ ਥਾਣਾ ਬਸੀ ਪਠਾਣਾ ਵਿਖੇ ਡੀਐੱਸਪੀ ਰਾਜ ਕੁਮਾਰ ਵੱਲੋਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਦੀਪਕ ਜੋਸਨ ਪੁੱਤਰ ਪ੍ਰੀਤਪਾਲ ਸਿੰਘ ਵਾਸੀ ਸੁਨਾਮ, ਜ਼ਿਲ੍ਹਾ ਸੰਗਰੂਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 8 ਮਾਰਚ ਨੂੰ ਉਹ ਬਸੀ ਪਠਾਣਾਂ ਕੰਮ ਕਰਨ ਲਈ ਆਇਆ ਸੀ। ਉਸਨੇ ਆਪਣਾ ਬੁਲੇਟ ਮੋਟਰਸਾਈਕਲ ਪੁਰਾਤਨ ਜੇਲ੍ਹ ਦੇ ਬਾਹਰ ਲਗਾੲਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਗਾਇਬ ਸੀ। ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਤਿੰਨ ਘੰਟਿਆਂ ਦੇ ਅੰਦਰ ਮਨਦੀਪ ਸਿੰਘ ਉਰਫ ਕਾਲੂ ਵਾਸੀ ਪਿੰਡ ਦਫੇੜਾ ਅਤੇ ਆਸਿਫ ਵਾਸੀ ਸੋਹਾਣਾ, ਜ਼ਿਲ੍ਹਾ ਮੋਹਾਲੀ ਨੂੰ ਚੋਰੀ ਕੀਤੇ ਬੁਲੇਟ ਮੋਟਰਸਾਈਕਲ ਸਣੇ ਕਾਬੂ ਕਰ ਲਿਆ ਸੀ। ਡੀਐਸਪੀ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਕੋਈ ਪੁੱਛਗਿੱਛ ’ਚ ਦੋਵੇਂ ਮੁਲਜ਼ਮਾਂ ਨੇ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਮੰਨਿਆ ਸੀ। ਜਿਸ ਤੋਂ ਬਾਅਦ ਉਨਾਂ ਦੀ ਨਿਸ਼ਾਨਦੇਹੀ ਤੋਂ ਇਕ ਬੁਲੇਟ ਅਤੇ ਤਿੰਨ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਡੀਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਇਸ ਤੋਂ ਇਲਾਵਾ ਹੋਰ ਪੁਲਿਸ ਥਾਣਿਆਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਸਬੰਧੀ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅੱਜ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਦੌਰਾਨ ਹੋਣ ਵਾਲੀ ਪੁੱਛਗਿੱਛ ਵਿਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।