ਅਨਾਜ ਮੰਡੀ ’ਚ ਪਾਟਿਆ ਤੇ ਪੁਰਾਣਾ ਬਾਰਦਾਨਾ ਭੇਜਿਆ
ਚਨਾਰਥਲ ਕਲਾਂ ਅਨਾਜ ਮੰਡੀ ਵਿਚ ਪਾਟਿਆ ਤੇ ਪੁਰਾਣਾ ਬਾਰਦਾਨਾ ਭੇਜੇ ਜਾਣ ’ਤੇ ਸਾਬਕਾ ਵਿਧਾਇਕ ਵੱਲੋਂ ਤਿੱਖੀ ਨਾਰਾਜ਼ਗੀ
Publish Date: Sun, 12 Apr 2026 05:48 PM (IST)
Updated Date: Mon, 13 Apr 2026 04:08 AM (IST)

ਸਾਬਕਾ ਵਿਧਾਇਕ ਵੱਲੋਂ ਤਿੱਖੀ ਨਾਰਾਜ਼ਗੀ ਮੰਡੀਆਂ ’ਚ ਪੁਰਾਣਾ ਬਾਰਦਾਨਾ ਭੇਜਣਾ ਆੜ੍ਹਤੀਆ ਤੇ ਕਿਸਾਨਾਂ ਨਾਲ ਧੋਖਾ : ਨਾਗਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਅਨਾਜ ਮੰਡੀ ਚਨਾਰਥਲ ਕਲਾਂ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਪ੍ਰਕਿਰਿਆ ਅਤੇ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਆੜ੍ਹਤੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਐੱਫਸੀਆਈ ਵੱਲੋਂ ਪੁਰਾਣਾ ਅਤੇ ਫ਼ਟਿਆ ਹੋਇਆ ਬਾਰਦਾਨਾ ਭੇਜਿਆ ਜਾ ਰਿਹਾ ਹੈ। ਨਾਗਰਾ ਨੇ ਕਿਹਾ ਕਿ ਮੰਡੀਆਂ ਵਿਚ ਭੇਜੇ ਗਏ ਬਾਰਦਾਨੇ ਵਿੱਚੋਂ ਕਰੀਬ 50 ਫ਼ੀਸਦੀ ਬਾਰਦਾਨਾ ਖ਼ਰਾਬ ਹੈ। ਉਨ੍ਹਾਂ ਸਵਾਲ ਉਠਾਇਆ ਕਿ ਐਸੇ ਬਾਰਦਾਨੇ ਵਿਚ ਕਣਕ ਦੀ ਭਰਾਈ ਕਿਵੇਂ ਸੰਭਵ ਹੈ ਅਤੇ ਇਸ ਤਰ੍ਹਾਂ ਕਣਕ ਦੀ ਸੁਰੱਖਿਅਤ ਸਟੋਰੇਜ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਸਮ ਖ਼ਰਾਬ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੰਡੀਆਂ ਵਿਚ ਖ਼ਰੀਦ ਦੇ ਢੰਗ ਦੇ ਪ੍ਰਬੰਧ ਵੀ ਨਹੀਂ ਹਨ। ਇਸ ਦੇ ਨਾਲ ਹੀ ਖ਼ਰਾਬ ਬਾਰਦਾਨੇ ਕਾਰਨ ਕਣਕ ਦੇ ਨੁਕਸਾਨ ਅਤੇ ਚੋਰੀ ਹੋਣ ਦਾ ਵੀ ਖਤਰਾ ਬਣਿਆ ਹੋਇਆ ਹੈ, ਜੋ ਆੜ੍ਹਤੀ ਤੇ ਕਿਸਾਨਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਨਾਗਰਾ ਨੇ ਕਿਹਾ ਕਿ ਖ਼ਰਾਬ ਅਤੇ ਪਾਟਿਆ ਹੋਇਆ ਬਾਰਦਾਨਾ ਸਿਰਫ਼ ਕਿਸਾਨਾਂ ਨਾਲ ਮਜ਼ਾਕ ਨਹੀਂ, ਸਗੋਂ ਉਨ੍ਹਾਂ ਦੀ ਮਿਹਨਤ ਦੀ ਬੇਇੱਜ਼ਤੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ’ਤੇ ਬਾਰਦਾਨਾ ਇੰਨਾ ਜ਼ਿਆਦਾ ਖ਼ਰਾਬ ਹੈ ਕਿ ਉਸ ਵਿਚ ਕਣਕ ਭਰਨਾ ਵੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸਰਕਾਰ ਕਰੋੜਾਂ ਰੁਪਏ ਬਾਰਦਾਨਾ ਖ਼ਰੀਦਣ ’ਤੇ ਖ਼ਰਚ ਕਰ ਰਹੀ ਹੈ ਤਾਂ ਫਿਰ ਇੰਨਾ ਘਟੀਆ ਸਮਾਨ ਮੰਡੀਆਂ ਤੱਕ ਕਿਵੇਂ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਧਾ-ਸਿੱਧਾ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਨਾਗਰਾ ਨੇ ਕਿਹਾ ਕਿ ਇਹ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਇਕ ਵੱਡੇ ਸਕੈਂਡਲ ਦੀ ਸੰਭਾਵਨਾ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜਿਨ੍ਹਾਂ ਨੇ ਵੀ ਖ਼ਰਾਬ ਬਾਰਦਾਨਾ ਖ਼ਰੀਦ ਕੇ ਮੰਡੀਆਂ ਵਿਚ ਭੇਜਿਆ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਰੰਤ ਖ਼ਰਾਬ ਬਾਰਦਾਨਾ ਵਾਪਸ ਲਿਆ ਜਾਵੇ ਅਤੇ ਮਿਆਰੀ ਨਵਾਂ ਬਾਰਦਾਨਾ ਮੰਡੀਆਂ ਵਿਚ ਮੁਹੱਈਆ ਕਰਵਾਇਆ ਜਾਵੇ। ਨਾਲ ਹੀ ਖ਼ਰੀਦ ਪ੍ਰਕਿਰਿਆ ਨੂੰ ਤੇਜ਼਼ ਕੀਤਾ ਜਾਵੇ ਅਤੇ ਮੰਡੀਆਂ ਵਿਚ ਪੂਰੇ ਪ੍ਰਬੰਧ ਯਕੀਨੀ ਬਣਾਏ ਜਾਣ। ਨਾਗਰਾ ਨੇ ਕਿਹਾ ਕਿ ਕਿਸਾਨਾਂ ਦੀ ਮਿਹਨਤ ਨਾਲ ਉਗਾਈ ਫ਼ਸਲ ਦੀ ਸੰਭਾਲ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਜਲਦੀ ਹੱਲ ਨਾ ਕੀਤਾ ਗਿਆ ਤਾਂ ਇਸ ਮਸਲੇ ਨੂੰ ਲੈ ਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਕਿਸਾਨ ਕਾਂਗਰਸ ਪੰਜਾਬ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨੰਬਰਦਾਰ, ਆੜ੍ਹਤੀ ਕਰਨਵੀਰ ਸਿੰਘ, ਆੜ੍ਹਤੀ ਵਿਜੇਵੀਰ ਸਿੰਘ, ਆੜ੍ਹਤੀ ਰਾਜ ਕੁਮਾਰ, ਗੁਰਸੇਵਕ ਸਿੰਘ ਸੋਨੀ, ਗੁਰਵੀਰ ਸਿੰਘ ਰੁੜਕੀ, ਸੰਜੂ ਰੁੜਕੀ ਆਦਿ ਮੌਜੂਦ ਸਨ।