ਸਰਕਾਰਾਂ ਫਤਹਿਗੜ੍ਹ ਸਾਹਿਬ ਦੀ ਦਿੱਖ ਨਹੀਂ ਸੁਧਾਰਨਾ ਚਾਹੁੰਦੀਆਂ : ਜਥੇਦਾਰ ਪੰਜੋਲੀ
ਸਰਕਾਰਾਂ ਫਤਹਿਗੜ੍ਹ ਸਾਹਿਬ ਦੀ ਦਿੱਖ ਨਹੀਂ ਸੁਧਾਰਣਾ ਚਾਹੁੰਦੀਆਂ: ਜਥੇਦਾਰ ਪੰਜੋਲੀ
Publish Date: Sat, 31 Jan 2026 08:35 PM (IST)
Updated Date: Sat, 31 Jan 2026 08:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਆਲੇ-ਦੁਆਲੇ ਦੀ ਮਾੜੀ ਹਾਲਤ ਅਤੇ ਹੰਸਲਾ ਨਦੀ ਦੀ ਸਫ਼ਾਈ ਨੂੰ ਲੈ ਕੇ ਮੌਜੂਦਾ ਤੇ ਸਾਬਕਾ ਸਰਕਾਰਾਂ ਵਿਰੁੱਧ ਤਿੱਖੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਤਿਹਾਸਕ ਹੰਸਲਾ ਨਦੀ ਨੂੰ ਪੱਕਾ ਕਰਨ ਅਤੇ ਇਸ ਦੀ ਸਫ਼ਾਈ ਲਈ ਉਨ੍ਹਾਂ ਨੇ ਹਰ ਮੁੱਖ ਮੰਤਰੀ ਅੱਗੇ ਮੰਗ ਰੱਖੀ, ਪਰ ਅਫ਼ਸੋਸ ਕਿ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਜਥੇਦਾਰ ਪੰਜੋਲੀ ਨੇ ਕਿਹਾ ਕਿ ਚਾਹੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੋਣ, ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਜਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਨੇ ਹਰ ਇੱਕ ਨੂੰ ਲਿਖਤੀ ਮੰਗ ਪੱਤਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ, ਪਰ ਗੁਰੂ ਘਰ ਦੇ ਨੇੜੇ ਗੰਦਗੀ ਦੇ ਢੇਰ ਅਤੇ ਪ੍ਰਦੂਸ਼ਿਤ ਨਦੀ ਵੇਖ ਕੇ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੂੰ ਵੀ ਮਿਲ ਕੇ ਵੀ ਮੰਗ ਕੀਤੀ ਸੀ ਕਿ ਗੁਰਦੁਆਰਾ ਸਾਹਿਬ ਦੇ ਨੇੜਿਓਂ ਲੰਘਦੀ ਰੇਲਵੇ ਲਾਈਨ ਨੂੰ ਉੱਚਾ ਚੁੱਕ ਕੇ ਲਾਈਨ ਨੂੰ ਪੁਲ ਉੱਪਰੋਂ ਕੱਢਿਆ ਜਾਵੇ ਤਾਂ ਜੋ ਇਤਿਹਾਸਕ ਸਥਾਨ ਦੀ ਦਿੱਖ ਪ੍ਰਭਾਵਿਤ ਨਾ ਹੋਵੇ। ਪੰਜੋਲੀ ਨੇ ਦੋਸ਼ ਲਾਇਆ ਕਿ ਕਿਸੇ ਵੀ ਪਾਰਟੀ ਦੇ ਸਥਾਨਕ ਵਿਧਾਇਕ ਨੇ ਆਪਣੀ ਸਰਕਾਰ ਕੋਲ ਇਹ ਮੁੱਦਾ ਗੰਭੀਰਤਾ ਨਾਲ ਨਹੀਂ ਉਠਾਇਆ, ਸਗੋਂ ਜਦੋਂ ਵੀ ਉਨ੍ਹਾਂ ਨੇ ਮੁੱਖ ਮੰਤਰੀਆਂ ਨੂੰ ਮੰਗ ਪੱਤਰ ਸੌਂਪੇ, ਤਾਂ ਵਿਧਾਇਕਾਂ ਨੇ ਸਾਥ ਦੇਣ ਦੀ ਬਜਾਏ ਵਿਰੋਧ ਹੀ ਕੀਤਾ। ਜਥੇਦਾਰ ਪੰਜੋਲੀ ਨੇ ਕਿਹਾ ਕਿ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਆਲੇ-ਦੁਆਲੇ ਦੀ ਸਫ਼ਾਈ ਲਈ ਵਾਰ-ਵਾਰ ਕਹਿਣ ਦੇ ਬਾਵਜੂਦ ਮੈਨੇਜਰ ਸਫ਼ਾਈ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।