ਬੱਸ ਹਾਦਸੇ ’ਚ ਜ਼ਖਮੀ ਮਹਿਲਾ ਸ਼ਰਧਾਲੂ ਦੀ ਮੌਤ
ਬੱਸ ਹਾਦਸੇ ’ਚ ਜ਼ਖਮੀ ਮਹਿਲਾ ਸ਼ਰਧਾਲੂ ਦੀ ਮੌਤ
Publish Date: Fri, 17 Apr 2026 08:49 PM (IST)
Updated Date: Sat, 18 Apr 2026 04:15 AM (IST)

ਸੜਕ ਹਾਦਸੇ ਵਿਚ ਮਾਰੇ ਗਏ ਸ਼ਰਧਾਲੂਆਂ ਦੀ ਗਿਣਤੀ ਵਧ ਕੇ 9 ਹੋਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਵਿਸਾਖੀ ਮੌਕੇ ਅਨੰਦਪੁਰ ਸਾਹਿਬ ਤੋਂ ਵਾਪਸੀ ਸਮੇਂ ਹਾਦਸੇ ਦਾ ਸ਼ਿਕਾਰ ਹੋਈ ਬੱਸ ’ਚ ਸਵਾਰ ਪਿੰਡ ਮੈਣ ਮਾਜਰੀ ਨਿਵਾਸੀ ਇਕ ਹੋਰ ਬਜ਼ੁਰਗ ਔਰਤ ਸ਼ਰਧਾਲੂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਨਾਲ ਇਸ ਹਾਦਸੇ ’ਚ ਮਾਰੇ ਗਏ ਸ਼ਰਧਾਲੂਆਂ ਦੀ ਗਿਣਤੀ ਵੱਧ ਕੇ 9 ਹੋ ਗਈ ਹੈ। ਪਿੰਡ ਵਾਸੀ ਸਰਬਜੀਤ ਸਿੰਘ ਨੇ ਦੱਸਿਆ ਕਿ ਲੱਗਭਗ 70 ਸਾਲਾ ਬਜ਼ੁਰਗ ਮਹਿਲਾ ਸ਼ਰਧਾਲੂ ਦਲਜੀਤ ਕੌਰ, ਜੋ ਕਿ ਇਸ ਬੱਸ ਹਾਦਸੇ ਵਿਚ ਜਖਮੀ ਹੋਏ ਸਨ, ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਉੱਥੋਂ ਤਬੀਅਤ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਦਲਜੀਤ ਕੌਰ ਦੀ ਸਿਹਤ ਖ਼ਰਾਬ ਹੋਣ ’ਤੇ ਉਸ ਨੂੰ ਮੁਹਾਲੀ 6 ਫੇਸ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਦੱਸਣਾ ਬਣਦਾ ਹੈ ਕਿ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਦੇ ਪਿੰਡ ਮੈਣ ਮਾਜਰੀ ਤੋਂ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਗਈ ਸੀ। ਇਹ ਬੱਸ 15 ਅਪ੍ਰੈਲ ਨੂੰ ਵਾਪਸੀ ਮੌਕੇ ਬੱਸੀ ਪਠਾਣਾਂ ਬਲਾਕ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ’ਚ 2 ਔਰਤਾਂ ਸਮੇਤ 8 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਦਕਿ 20 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਸਨ, ਜਿਨ੍ਹਾਂ ’ਚ ਦਲਜੀਤ ਕੌਰ ਵੀ ਸ਼ਾਮਲ ਸੀ।