ਪਿੰਡ ਹਵਾਰਾ ਕਲਾਂ ਵਿਖੇ ਆਯੋਜਿਤ ‘ਚੜ੍ਹਦੀ ਕਲਾ ਪੰਥਕ ਇਕੱਠ’ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵਾਹਗਾ ਬਾਰਡਰ ’ਤੇ ਵੱਡਾ ਅੰਦੋਲਨ ਛੇੜਨ ਅਤੇ ਲੋੜ ਪੈਣ 'ਤੇ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਤੱਕ ਜਾਣ ਦੀ ਚਿਤਾਵਨੀ ਦਿੱਤੀ ਹੈ।
ਪੱਤਰ ਪ੍ਰੇਰਕ, ਸੰਘੋਲ: ਪਿੰਡ ਹਵਾਰਾ ਕਲਾਂ ਵਿਖੇ ਆਯੋਜਿਤ ‘ਚੜ੍ਹਦੀ ਕਲਾ ਪੰਥਕ ਇਕੱਠ’ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵਾਹਗਾ ਬਾਰਡਰ ’ਤੇ ਵੱਡਾ ਅੰਦੋਲਨ ਛੇੜਨ ਅਤੇ ਲੋੜ ਪੈਣ 'ਤੇ ਰਾਵੀ ਦਰਿਆ ਪਾਰ ਕਰਕੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਤੱਕ ਜਾਣ ਦੀ ਚਿਤਾਵਨੀ ਦਿੱਤੀ ਹੈ। ਇਹ ਸਭਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਰਣਨੀਤੀ ਉਲੀਕਣ ਲਈ ਸੱਦਿਆ ਗਿਆ ਸੀ ਜਿਸ ਵਿੱਚ ਵੱਖ-ਵੱਖ ਪੰਥਕ, ਸਿਆਸੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ।
ਸਭਾ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਜੇਕਰ ਪੰਜਾਬ ਸਰਕਾਰ ਨੇ 2 ਮਾਰਚ ਤੱਕ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨਰਿੰਦਰ ਕੌਰ ਨਾਲ ਮਿਲਣ ਲਈ ਪੈਰੋਲ ਨਾ ਦਿੱਤੀ, ਤਾਂ ਸਾਰੀਆਂ ਜਥੇਬੰਦੀਆਂ ਮੋਹਾਲੀ-ਚੰਡੀਗੜ੍ਹ ਸਰਹੱਦ 'ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਵਿੱਚ ਸ਼ਾਮਲ ਹੋ ਕੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੀਆਂ। ਇਸ ਮੌਕੇ ਜਗਤਾਰ ਸਿੰਘ ਹਵਾਰਾ ਦੀ ਬਿਮਾਰ ਮਾਤਾ ਨੂੰ ਐਂਬੂਲੈਂਸ ਰਾਹੀਂ ਪੰਡਾਲ ਵਿੱਚ ਲਿਆਂਦਾ ਗਿਆ, ਜਿਸ ਨਾਲ ਮਾਹੌਲ ਕਾਫੀ ਭਾਵੁਕ ਹੋ ਗਿਆ। ਕੌਮੀ ਇਨਸਾਫ਼ ਮੋਰਚਾ ਦੇ ਆਗੂ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਅਰਦਾਸ ਕਰਕੇ ਅਗਲੀ ਸਿਆਸੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੁੱਦਿਆਂ ਨੂੰ ਜੋੜਦਿਆਂ ਕਿਹਾ ਕਿ ਹੋਲੇ ਮਹੱਲੇ ਮੌਕੇ ਵਾਘਾ ਬਾਰਡਰ 'ਤੇ ਸੰਘਰਸ਼ ਦੀ ਤਰੀਕ ਦਾ ਐਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਰਾਵੀ ਪਾਰ ਕਰਕੇ ਕਰਤਾਰਪੁਰ ਸਾਹਿਬ ਜਾਣ ਦੀ ਯੋਜਨਾ ਬਣਾਉਣਗੇ।
ਇਸ ਦੌਰਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਾਮਿਲਨਾਡੂ ਸਰਕਾਰ ਦੀ ਉਦਾਹਰਨ ਦਿੰਦਿਆਂ ਮੰਗ ਕੀਤੀ ਕਿ ਪੰਜਾਬ ਵਿਧਾਨ ਸਭਾ ਵਿੱਚ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪਿਛਲੀਆਂ ਪੰਥਕ ਸਰਕਾਰਾਂ 'ਤੇ ਵੀ ਇਸ ਮੁੱਦੇ ਪ੍ਰਤੀ ਗੰਭੀਰ ਨਾ ਹੋਣ ਦੇ ਦੋਸ਼ ਲਗਾਏ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਆਗਾਮੀ ਬਜਟ ਸੈਸ਼ਨ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 'ਤੇ ਲੱਗੇ ਐਨਐਸਏ ਨੂੰ ਹਟਾਉਣ ਸਬੰਧੀ ਮਤੇ ਲਿਆਉਣ ਦੀ ਮੰਗ ਕੀਤੀ ਹੈ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਭਾਸ਼ਣ ਦੌਰਾਨ ਭੀੜ ਵਿੱਚੋਂ ਕਿਸੇ ਨੇ ਟਿੱਪਣੀ ਕਰ ਦਿੱਤੀ। ਇਸ ਤੋਂ ਨਾਰਾਜ਼ ਹੋ ਕੇ ਰਾਜੇਵਾਲ ਆਪਣਾ ਭਾਸ਼ਣ ਅਧੂਰਾ ਛੱਡ ਕੇ ਮੰਚ ਤੋਂ ਚਲੇ ਗਏ। ਬਾਅਦ ਵਿੱਚ ਪ੍ਰਬੰਧਕਾਂ ਨੇ ਅਪੀਲ ਕੀਤੀ ਕਿ ਬੁਲਾਰਿਆਂ ਦਾ ਸਤਿਕਾਰ ਬਹਾਲ ਰੱਖਿਆ ਜਾਵੇ।
ਇਸ ਮੌਕੇ ਸਾਬਕਾ ਗੁਰਦੀਪ ਸਿੰਘ ਬਠਿੰਡਾ, ਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ ਕਾਲਾ ਝਾੜ, ਪਾਲ ਸਿੰਘ ਫਰਾਂਸ, ਹਰਪਾਲ ਸਿੰਘ ਚੀਮਾ (ਸਾਬਕਾ ਪ੍ਰਧਾਨ ਦਲ ਖਾਲਸਾ), ਜਸਵੰਤ ਸਿੰਘ ਸਿਧੂਪੁਰ, ਰੇਸ਼ਮ ਸਿੰਘ ਬਦਾਲੀ (ਰੋਪੜ), ਧਿਆਨ ਸਿੰਘ ਮੰਡ, ਅਮਰਪ੍ਰੀਤ ਸਿੰਘ (ਫਤਿਹਗੜ੍ਹ ਸਾਹਿਬ), ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦਾ ਭਰਾ), ਬਾਪੂ ਤਰਸੇਮ ਸਿੰਘ (ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਪਿਤਾ), ਪ੍ਰੋਫੈਸਰ ਬਲਜਿੰਦਰ ਸਿੰਘ (ਹਵਾਰਾ ਕਮੇਟੀ ਮੈਂਬਰ), ਕਰਨੈਲ ਸਿੰਘ ਪੰਜੋਲੀ (ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ), ਸਰਬਜੀਤ ਸਿੰਘ ਖਾਲਸਾ (ਮੈਂਬਰ ਪਾਰਲੀਮੈਂਟ ਹਲਕਾ ਫਰੀਦਕੋਟ), ਬਾਬਾ ਰਾਜ ਸਿੰਘ (ਚੀਫ ਨਿਹੰਗ ਅਰਬਾ ਖਰਬਾ ਸੰਗਠਨ), ਜਸਪਾਲ ਸਿੰਘ ਮੰਝਪੁਰ (ਹਵਾਰਾ ਦੇ ਵਕੀਲ), ਅਮਰੀਕ ਸਿੰਘ ਰੋਮੀ (ਜ਼ਿਲ੍ਹਾ ਪ੍ਰਧਾਨ ਪੰਥਕ ਅਕਾਲੀ ਲਹਿਰ ਫਤਿਹਗੜ੍ਹ ਸਾਹਿਬ), ਸਰਬਜੀਤ ਸਿੰਘ ਅਮਰਾਲਾ (ਸੂਬਾ ਕਮੇਟੀ ਮੈਂਬਰ ਬੀਕੇਯੂ ਕਾਦੀਆਂ), ਬਲਕਾਰ ਸਿੰਘ (ਲੀਡਰ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮੋਹਾਲੀ), ਭਾਈ ਗੁਰਮੀਤ ਸਿੰਘ, ਸ਼ੇਰ ਸਿੰਘ (ਲੀਡਰ ਅਕਾਲੀ ਦਲ-ਪੁਨਰ ਸਰਜੀਤ), ਲਖਬੀਰ ਸਿੰਘ ਲੱਖਾ (ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ), ਰਾਜਵੀਰ ਸਿੰਘ (5 ਮੈਂਬਰ ਕਮੇਟੀ ਅਕਾਲੀ ਦਲ ਵਾਰਿਸ ਪੰਜਾਬ ਦੇ), ਸਤਨਾਮ ਸਿੰਘ ਖੰਡਾ, ਸਤਨਾਮ ਸਿੰਘ ਝੰਜੀਆ, ਭੁਪਿੰਦਰ ਸਿੰਘ (ਅਖੰਡ ਕੀਰਤਨੀ ਜਥਾ ਅੰਮ੍ਰਿਤਸਰ), ਰਮਨਦੀਪ ਸਿੰਘ ਗੋਲਡੀ, ਗੁਰਿੰਦਰ ਸਿੰਘ (ਲੀਡਰ ਬੀਕੇਯੂ ਖੋਸਾ) ਆਦਿ ਵੀ ਮੌਜੂਦ ਸਨ।