ਫਤਿਹ ਕ੍ਰਿਕਟ ਅਕੈਡਮੀ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਫਤਿਹ ਕ੍ਰਿਕਟ ਅਕੈਡਮੀ ਵੱਲੋਂ ਅੰਤਰਰਾਸ਼ਟਰੀ ਲੀਗਾਂ ਵਿੱਚ ਖੇਡ ਕੇ ਆਏ ਖਿਡਾਰੀਆਂ ਦਾ ਸਨਮਾਨ
Publish Date: Fri, 09 Jan 2026 04:58 PM (IST)
Updated Date: Fri, 09 Jan 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਿਹ ਕ੍ਰਿਕਟ ਅਕੈਡਮੀ ਫਤਹਿਗੜ੍ਹ ਸਾਹਿਬ ਵੱਲੋਂ ਅਕੈਡਮੀ ਦੇ ਉਭਰਦੇ ਹੋਏ ਖਿਡਾਰੀਆਂ ਜੈਰੀ ਪੋਲ ਤੇ ਕੁਵਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਵਿਦੇਸ਼ੀ ਲੀਗਾਂ ਵਿਚ ਖੇਡ ਕੇ ਫਤਹਿਗੜ੍ਹ ਸਾਹਿਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਫਤਿਹ ਕ੍ਰਿਕਟ ਅਕੈਡਮੀ ਦੇ ਮੁੱਖ ਕੋਚ ਅਰਮਾਨ ਵਿਰਕ ਅਤੇ ਮਹਿਤਾਬ ਸਿੰਘ ਨੇ ਦੱਸਿਆ ਕਿ ਜੈਰੀ ਪੋਲ ਕਨੇਡਾ ਦੀ ਪ੍ਰਸਿੱਧ ਲੀਗ ਵਿੱਚ ਟਰਾਂਟੋ ਸਿਕਸਰ ਟੀਮ ਵੱਲੋਂ ਖੇਡ ਕੇ ਆਇਆ ਹੈ, ਜਦਕਿ ਕੁਵਰਜੀਤ ਸਿੰਘ ਅਮਰੀਕਾ ਦੀ ਲੀਗ ਵਿਚ ਐਮਆਈ ਟੀਮ ਦੀ ਨੁਮਾਇੰਦਗੀ ਕਰਕੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਖਿਡਾਰੀ ਫਤਿਹ ਕ੍ਰਿਕਟ ਅਕੈਡਮੀ ਵਿਚ ਨਿਰੰਤਰ ਪ੍ਰੈਕਟਿਸ ਕਰਦੇ ਰਹੇ ਹਨ ਅਤੇ ਅਕੈਡਮੀ ਦੀ ਮਿਹਨਤ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਰੰਗ ਲਿਆ ਰਹੀ ਹੈ। ਇਸ ਸਨਮਾਨ ਸਮਾਰੋਹ ਦੌਰਾਨ ਫਤਿਹ ਕ੍ਰਿਕਟ ਅਕੈਡਮੀ ਵੱਲੋਂ ਯੂਥ ਕਾਂਗਰਸ ਬਲਾਕ ਖੇੜਾ ਦੇ ਪ੍ਰਧਾਨ ਅਮਰਿੰਦਰ ਸਿੰਘ ਰੇਖੀ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ, ਜਿਨ੍ਹਾਂ ਨੇ ਦੋਵੇਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਦੀ ਇਹ ਉਪਲਬਧੀ ਸਮਾਜ ਲਈ ਪ੍ਰੇਰਣਾਦਾਇਕ ਹੈ ਅਤੇ ਹੋਰ ਖਿਡਾਰੀਆਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰੇਗੀ। ਅਕੈਡਮੀ ਪ੍ਰਬੰਧਕਾਂ ਵੱਲੋਂ ਦੋਵੇਂ ਖਿਡਾਰੀਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।