ਸ਼ਾਹਪੁਰ ਦੇ ਸਰਪੰਚ ’ਤੇ ਜਾਨਲੇਵਾ ਹਮਲਾ
ਪਿੰਡ ਸ਼ਾਹਪੁਰ ਦੇ ਸਰਪੰਚ ਤੇ ਜਾਨਲੇਵਾ ਹਮਲਾ
Publish Date: Sat, 21 Mar 2026 06:04 PM (IST)
Updated Date: Sat, 21 Mar 2026 06:07 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਸਵੇਰੇ ਮੂੰਹ ਹਨੇਰੇ ਪਿੰਡ ਸ਼ਾਹਪੁਰ ਦੇ ਆਮ ਆਦਮੀ ਪਾਰਟੀ ਨਾਲ ਸੰਬੰਧ ਮੌਜੂਦਾ ਸਰਪੰਚ ਡਾ. ਜਸਵਿੰਦਰ ਸਿੰਘ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੂੰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਜਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਅਮਲੋਹ ਅਤੇ ਬਾਅਦ ਵਿਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਜੋ ਪਿੰਡ ਵਿਚ ਹੀ ਡਾਕਟਰ ਦੀ ਦੁਕਾਨ ਕਰਦਾ ਹੈ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਆਪਣੀ ਦੁਕਾਨ ਤੇ ਆਇਆ। ਉਨ੍ਹਾਂ ਦੇ ਨਾਲ ਇਕ ਪ੍ਰਵਾਸੀ ਮਜ਼ਦੂਰ ਪਿੰਟੂ ਜੋ ਕਿ ਦੁਕਾਨ ਵਿਚ ਸਫ਼ਾਈ ਦਾ ਕੰਮ ਕਰਦਾ ਹੈ ਵੀ ਸੀ। ਬਲਾਕ ਸੰਮਤੀ ਮੈਂਬਰ ਗੁਰਬਚਨ ਸਿੰਘ ਬਲ ਨੇ ਦੱਸਿਆ ਕਿ ਚਾਰ ਪੰਜ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਸਨ, ਹੱਥਾਂ ਵਿਚ ਕਿਰਪਾਨਾਂ, ਦਾਹ ਅਤੇ ਲੋਹੇ ਦੇ ਰਾਡ ਲੈ ਕੇ ਸਰਪੰਚ ਦੀ ਦੁਕਾਨ ਵਿਚ ਦਾਖਲ ਹੋਏ ਅਤੇ ਡਾਕਟਰ ਦੇ ਨਾਲ-ਨਾਲ ਮੁਲਾਜ਼ਮ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਕੇ ਫ਼ਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧੀ ਥਾਣਾ ਮੁਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਪਾਰਟੀਬਾਜ਼ੀ ਦਾ ਲੱਗਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।