ਮੋਟਰਾਂ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ
ਮੋਟਰਾਂ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨ ਪ੍ਰੇਸ਼ਾਨ
Publish Date: Wed, 25 Feb 2026 06:40 PM (IST)
Updated Date: Wed, 25 Feb 2026 06:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਜਨਵਰੀ ਮਹੀਨੇ ਪਈ ਬੇਮੌਸਮੀ ਬਾਰਿਸ਼ ਕਾਰਨ ਪਹਿਲਾਂ ਤਾਂ ਆਲੂ ਉਤਪਾਦਕਾਂ ਦੇ ਆਲੂ ਦੀ ਪੁਟਾਈ ਦਾ ਕੰਮ ਪਛੜ ਗਿਆ ਤੇ ਮੱਕੀ ਦੀ ਬਿਜਾਈ ਵੀ ਲੇਟ ਹੋ ਗਈ ਹੈ ਜਿਸ ਦੀ ਜ਼ਿਆਦਾਤਰ ਫਰਵਰੀ ਦੇ ਪਹਿਲੇ ਹਫਤੇ ਬਿਜਾਈ ਕੀਤੀ ਜਾਂਦੀ ਹੈ। ਇਸ ਸਮੇਂ ਕਿਸਾਨਾਂ ਵੱਲੋਂ ਮੱਕੀ ਦੀ ਬਜਾਈ ਦਾ ਸੀਜ਼ਨ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਅੰਨੀਆਂ ਫੀਡਰ ਦੇ ਅੱਧੀ ਦਰਜਨ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੱਕੀ ਦੀ ਬਜਾਈ ਕਰਨ ਉਪਰੰਤ ਤੁਰੰਤ ਸਿੰਚਾਈ ਲਈ ਪਾਣੀ ਵੀ ਜ਼ਰੂਰਤ ਹੁੰਦੀ ਹੈ। ਇਸ ਸਮੇਂ ਤਾਪਮਾਨ ਵਧਣ ਕਾਰਨ ਕਣਕ ਦੀ ਫ਼ਸਲ ਨੂੰ ਵੀ ਸਿੰਚਾਈ ਦੀ ਲੋੜ ਹੈ ਪਰ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਸਾਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਕਾਰਨ ਸਾਡਾ ਵਿੱਤੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਪਾਸੋ ਮੰਗ ਕੀਤੀ ਕੀ ਇਸ ਫੀਡਰ ਤੇ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਦਿੱਤੀ ਜਾਵੇ। ਇਸ ਸਬੰਧੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਐੱਸਡੀਓ ਗੁਰਦਰਸ਼ਨ ਸਿੰਘ ਨੇ ਕਿਹਾ ਕਿ ਅਮਲੋਹ ਗਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਤੇ ਪਿੱਛੋਂ ਆ ਰਹੇ ਸ਼ਡਿਊਲ ਮੁਤਾਬਿਕ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।