ਕਿਸਾਨਾਂ ਲਈ ਫਾਰਮਰ ਰਜਿਸਟਰੀ ਲਾਜ਼ਮੀ
ਕਿਸਾਨਾਂ ਲਈ ਫਾਰਮਰ ਰਜਿਸਟਰੀ ਲਾਜ਼ਮੀ
Publish Date: Sat, 07 Mar 2026 05:37 PM (IST)
Updated Date: Sat, 07 Mar 2026 05:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਮੁੱਖ ਖੇਤੀਬਾੜੀ ਅਫਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਸਾਰੇ ਕਿਸਾਨਾਂ ਲਈ ਆਨਲਾਈਨ ਫਾਰਮਰ ਰਜਿਸਟਰੀ ਵਿੱਚ ਰਜਿਸਟਰ ਹੋ ਕੇ ਵਿਲੱਖਣ ਕਿਸਾਨ ਆਈਡੀ ਬਣਾਉਣਾ ਲਾਜ਼ਮੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰਜਿਸਟਰੀ ਦਾ ਮਕਸਦ ਕਿਸਾਨਾਂ ਦਾ ਕੇਂਦਰੀ ਡੇਟਾਬੇਸ ਤਿਆਰ ਕਰਨਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੇ ਤੇ ਪਾਰਦਰਸ਼ੀ ਢੰਗ ਨਾਲ ਅਸਲ ਲਾਭਪਾਤਰੀਆਂ ਤੱਕ ਪਹੁੰਚ ਸਕੇ। ਭਵਿੱਖ ਵਿੱਚ ਸਿਰਫ਼ ਫਾਰਮਰ ਰਜਿਸਟਰੀ ਮੁਕੰਮਲ ਕਰਨ ਵਾਲੇ ਕਿਸਾਨਾਂ ਨੂੰ ਹੀ ਪੀਐੱਮ ਕਿਸਾਨ ਯੋਜਨਾ ਦੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ। ਇਹ ਕਿਸਾਨ ਆਈਡੀ ਪੀਐੱਮ ਕਿਸਾਨ ਖਾਤੇ ਨਾਲ ਲਿੰਕ ਕੀਤੀ ਜਾਵੇਗੀ ਜਿਸ ਨਾਲ ਪਛਾਣ ਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਆਸਾਨ ਹੋ ਜਾਵੇਗੀ। ਜਿਨ੍ਹਾਂ ਕਿਸਾਨਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਨ੍ਹਾਂ ਦੀਆਂ ਅਗਲੀਆਂ ਕਿਸ਼ਤਾਂ ਰੁਕ ਸਕਦੀਆਂ ਹਨ। ਰਜਿਸਟ੍ਰੇਸ਼ਨ ਲਈ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਜਾਂ ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਰਜਿਸਟ੍ਰੇਸ਼ਨ ਸਮੇਂ ਆਧਾਰ ਕਾਰਡ, ਆਧਾਰ ਨਾਲ ਲਿੰਕ ਮੋਬਾਈਲ ਨੰਬਰ ਤੇ ਜਮ੍ਹਾਂਬੰਦੀ ਨਾਲ ਲਿਜਾਣੇ ਜ਼ਰੂਰੀ ਹਨ।