ਐਂਬੂਲੈਂਸ ਤੇ ਕੰਬਾਈਨ ਦੀ ਟੱਕਰ ’ਚ ਸਾਬਕਾ ਫ਼ੌਜੀ ਦੀ ਮੌਤ, ਪੁੱਤਰ ਤੇ ਚਾਲਕ ਜ਼ਖ਼ਮੀ
ਐਂਬੂਲੈਂਸ ਤੇ ਕੰਬਾਈਨ ਦੀ ਟੱਕਰ ਵਿੱਚ ਸਾਬਕਾ ਫ਼ੌਜੀ ਦੀ ਮੌਤ, ਪੁੱਤਰ ਤੇ ਚਾਲਕ ਜ਼ਖ਼ਮੀ
Publish Date: Mon, 20 Apr 2026 05:55 PM (IST)
Updated Date: Mon, 20 Apr 2026 05:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਤੋਂ ਇਲਾਜ ਲਈ ਰੈਫ਼ਰ ਕੀਤੇ ਗਏ 80 ਸਾਲਾ ਸਾਬਕਾ ਫ਼ੌਜੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੀਪਕ ਮਲਹੋਤਰਾ ਵਾਸੀ ਮੁਹੱਲਾ ਕਿਲ੍ਹਾ ਬਸੀ ਪਠਾਣਾਂ ਦੇ ਬਿਆਨਾਂ ਦੇ ਆਧਾਰ ਤੇ ਬਡਾਲੀ ਆਲਾ ਸਿੰਘ ਥਾਣੇ ਵਿਚ ਕੰਬਾਈਨ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ 80 ਸਾਲਾ ਸਾਬਕਾ ਫ਼ੌਜੀ ਨਵਲ ਕਿਸ਼ੋਰ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੋਂ ਅਗਲੇਰੇ ਇਲਾਜ ਲਈ ਰੈਫ਼ਰ ਕੀਤਾ ਗਿਆ ਸੀ। ਬਡਾਲੀ ਨੇੜੇ ਐਂਬੂਲੈਂਸ ਦੀ ਕੰਬਾਈਨ ਨਾਲ ਟੱਕਰ ਹੋ ਗਈ, ਜਿਸ ਕਾਰਨ ਐਂਬੂਲੈਂਸ ਵਿਚ ਸਵਾਰ ਨਵਲ ਕਿਸ਼ੋਰ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਉਨ੍ਹਾਂ ਦਾ ਪੁੱਤਰ ਦੀਪਕ ਮਲਹੋਤਰਾ ਤੇ ਐਂਬੂਲੈਂਸ ਚਾਲਕ ਵੀ ਫੱਟੜ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਨਵਲ ਕਿਸ਼ੋਰ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਮਾਮਲੇ ਵਿਚ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।