ਮਾਤਾ ਗੁਜਰੀ ਕਾਲਜ ’ਚ ਵਾਤਾਵਰਣ ਹਫ਼ਤਾ ਮਨਾਇਆ
ਮਾਤਾ ਗੁਜਰੀ ਕਾਲਜ ਦੇ ਬਨਸਪਤੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਵਾਤਾਵਰਣ ਸਪਤਾਹ ਦਾ ਆਯੋਜਨ
Publish Date: Sat, 21 Mar 2026 04:47 PM (IST)
Updated Date: Sat, 21 Mar 2026 04:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਬਨਸਪਤੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਵਾਤਾਵਰਣ ਹਫ਼ਤਾ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਵਿਚ ਵਾਤਾਵਰਣ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਸਰਗਰਮੀਆਂ ਜਿਵੇਂ ਪਾਵਰਪੁਆਇੰਟ ਪੇਸ਼ਕਾਰੀ, ਕੈਪਸ਼ਨ ਲੇਖਣ, ਕੁਇਜ਼, ਸਲੋਗਨ ਲਿਖਣ ਅਤੇ ਪੇਪਰ ਰੀਡਿੰਗ ਆਦਿ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬੀਐੱਸਸੀ ਲਾਈਫ ਸਾਇੰਸਜ਼, ਬੀਐੱਸਸੀ ਆਨਰਜ਼ ਬਾਇਓ ਟੈਕਨਾਲੋਜੀ ਅਤੇ ਐੱਮਐੱਸਸੀ ਬਾਟਨੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਦੇ ਵਿਸ਼ੇ ਵਾਤਾਵਰਣ ਸੰਭਾਲ , ਜੰਗਲਾਂ ਦੀ ਸੁਰੱਖਿਆ ਅਤੇ ਪਾਣੀ ਬਚਾਓ : ਪਾਣੀ ਦੀ ਸੰਭਾਲ ਵਿਚ ਔਰਤਾਂ ਦੀ ਭੂਮਿਕਾ ਨਾਲ ਸਬੰਧਿਤ ਸਨ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਸੁਰੱਖਿਆ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ, ਇਸ ਲਈ ਵਾਤਾਵਰਣ ਨੂੰ ਬਚਾਉਣ ਲਈ ਹਰ ਕਿਸੇ ਨੂੰ ਆਪਣੇ ਪੱਧਰ ’ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਲੋਕਾਂ ਵਿਚ ਜਲਵਾਯੂ ਪਰਿਵਰਤਨ, ਵਾਤਾਵਰਣ ਪ੍ਰਦੂਸ਼ਣ, ਗ੍ਰੀਨ ਹਾਊਸ ਪ੍ਰਭਾਵ, ਗਲੋਬਲ ਵਾਰਮਿੰਗ ਆਦਿ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਇਸ ਮੌਕੇ ਬਨਸਪਤੀ ਅਤੇ ਵਾਤਾਵਰਣ ਵਿਭਾਗ ਦੇ ਮੁਖੀ ਡਾ. ਲਵਨੀਤ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਅਕਸਰ ਵਿਦਿਆਰਥੀਆਂ ਦੀ ਰਚਨਾਤਮਕਤਾ ਵਧਾਉਣ ਅਤੇ ਇੰਟਰੈਕਟਿਵ ਸਰਗਰਮੀਆਂ ਰਾਹੀਂ ਸੁਚਾਰੂ ਜਾਣਕਾਰੀ ਦੇਣ ਲਈ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ। ਸਮਾਗਮ ਦੇ ਅਖੀਰ ਵਿਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਡਾ. ਵਿਜੈ ਸਿੰਘ, ਡਾ. ਹਰਲੀਨ ਕੌਰ, ਡਾ. ਪ੍ਰਦੀਪ ਕੁਮਾਰ ਅਤੇ ਪ੍ਰੋ. ਅਨਮੋਲ ਕੌਰ ਵੀ ਮੌਜੂਦ ਸਨ।