ਇੰਗਲਿਸ਼ ਲਿਟਰੇਰੀ ਸੁਸਾਇਟੀ ਨੇ ਪੁਸਤਕ ਸਮੀਖਿਆ ਮੁਕਾਬਲੇ ਕਰਵਾਏ
ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ਪੁਸਤਕ ਸਮੀਖਿਆ ਮੁਕਾਬਲੇ ਦਾ ਆਯੋਜਨ
Publish Date: Sat, 28 Feb 2026 08:44 PM (IST)
Updated Date: Sat, 28 Feb 2026 08:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਵੱਲੋਂ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ‘ਰਿਵਿਊ ਕੁਐਸਟ : ਕਿਤਾਬ ਸਮੀਖਿਆ ਮੁਕਾਬਲੇ’ ਕਰਵਾਏ ਗਏ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪੜ੍ਹਨ ਦੀ ਰੁਚੀ ਨੂੰ ਉਜਾਗਰ ਕਰਨਾ ਅਤੇ ਆਲੋਚਨਾਤਮਕ ਢੰਗ ਨਾਲ ਆਪਣੀ ਸੂਝ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ ਸੀ। ਇਸ ਮੁਕਾਬਲੇ ਵਿਚ ਕੁੱਲ 39 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਨ੍ਹਾਂ ਨੇ ਆਪਣੀਆਂ ਮਨਪਸੰਦ ਕਿਤਾਬਾਂ ’ਤੇ ਸਮੀਖਿਆਵਾਂ ਪੇਸ਼ ਕੀਤੀਆਂ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸੂਚਨਾ-ਤਕਨਾਲੋਜੀ ਦੇ ਯੁੱਗ ਵਿਚ ਅਜਿਹੇ ਸਿੱਖਿਆ ਭਰਪੂਰ ਪ੍ਰੋਗਰਾਮ ਵਿਦਿਆਰਥੀਆਂ ਨੂੰ ਮੁੜ ਕਿਤਾਬਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਉਨ੍ਹਾਂ ਦੇ ਵਿੱਦਿਅਕ ਅਤੇ ਵਿਹਾਰਕ ਗਿਆਨ ਵਿਚ ਵਾਧਾ ਕਰਨ ਵਿਚ ਵੀ ਸਹਾਇਕ ਸਿੱਧ ਹੁੰਦੇ ਹਨ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਾਜਿੰਦਰ ਕੌਰ ਮਾਨ ਨੇ ਵਿਦਿਆਰਥੀਆਂ ਦੀ ਮੁਕਾਬਲੇ ਵਿਚ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਆਲੋਚਨਾਤਮਕ ਤੌਰ ’ਤੇ ਪੁਸਤਕਾਂ ਪੜ੍ਹਨ ਦੇ ਤਰੀਕੇ ਬਾਰੇ ਵੀ ਮਾਰਗਦਰਸ਼ਨ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਹਰਬੀਰ ਕੌਰ ਅਤੇ ਪ੍ਰੋ. ਮਨਮੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਵਰਣਨਯੋਗ ਹੈ ਕਿ ਇਸ ਮੁਕਾਬਲੇ ਦੀ ਅੰਤਿਮ ਪੇਸ਼ਕਾਰੀ ਲਈ ਕੁੱਲ 11 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਜਿਸ ਵਿੱਚੋਂ ਐੱਮਏ ਅੰਗਰੇਜ਼ੀ ਭਾਗ ਦੂਸਰਾ ਦੀ ਸਿਮਰਨਜੀਤ ਕੌਰ ਅਤੇ ਬੀਏ ਆਨਰਜ਼ ਅੰਗਰੇਜ਼ੀ ਭਾਗ ਦੂਸਰਾ ਦੀ ਖੁਸ਼ਸੀਰਤ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਬੀਏ ਆਨਰਜ਼ ਅੰਗਰੇਜ਼ੀ ਭਾਗ ਤੀਸਰਾ ਦੀ ਜਸ਼ਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਬੀਏ ਆਨਰਜ਼ ਅੰਗਰੇਜ਼ੀ ਭਾਗ ਪਹਿਲਾ ਦੀ ਗਗਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸਮਾਗਮ ਦੇ ਅਖੀਰ ਵਿਚ ਇੰਗਲਿਸ਼ ਲਿਟਰੇਰੀ ਸੁਸਾਇਟੀ ਦੇ ਕਨਵੀਨਰ ਡਾ. ਮਨਿੰਦਰ ਕੈਂਥ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਰਚਨਾਤਮਕ ਸਮਾਗਮ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਡਾ. ਗੌਰੀ ਹਾਂਡਾ, ਪ੍ਰੋ. ਬ੍ਰਹਮਜੋਤ ਕੌਰ, ਪ੍ਰੋ. ਭਾਗਵਿੰਦਰ ਕੌਰ, ਪ੍ਰੋ. ਰੁਪਿੰਦਰ ਕੌਰ ਰਿਆ, ਪ੍ਰੋ. ਮਨਜੋਤ ਕੌਰ, ਪ੍ਰੋ. ਅੰਮ੍ਰਿਤ ਕੌਰ, ਪ੍ਰੋ. ਹਰਸੁਮੀਤ ਸਿੰਘ, ਪ੍ਰੋ. ਸਹਿਜਦੀਪ ਕੌਰ, ਪ੍ਰੋ. ਦਿਸ਼ਾ, ਪ੍ਰੋ. ਸੁਮਨਜੀਤ ਕੌਰ ਅਤੇ ਪ੍ਰੋ. ਰੁਪਿੰਦਰ ਕੌਰ ਮੌਜੂਦ ਸਨ।