ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੈ ਈਦ ਦਾ ਤਿਉਹਾਰ : ਨਾਗਰਾ
ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਈਦ ਦਾ ਤਿਉਹਾਰ: ਨਾਗਰਾ
Publish Date: Sat, 21 Mar 2026 04:36 PM (IST)
Updated Date: Sat, 21 Mar 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਈਦ ਦੇ ਪਵਿੱਤਰ ਤਿਉਹਾਰ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਰੌਂਜਾ ਸਰੀਫ ਫਤਹਿਗੜ੍ਹ ਸਾਹਿਬ ਵਿਖੇ ਹਾਜ਼ਰੀ ਭਰੀ ਗਈ ਅਤੇ ਸਜਦਾ ਕਰਦਿਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਗਈ। ਇਸ ਮੌਕੇ ਨਾਗਰਾ ਨੇ ਕਿਹਾ ਕਿ ਈਦ ਦਾ ਤਿਉਹਾਰ ਆਪਸੀ ਪਿਆਰ, ਭਰਾਤਰੀਭਾਵ, ਸਾਂਝ ਅਤੇ ਏਕਤਾ ਦਾ ਪ੍ਰਤੀਕ ਹੈ, ਜੋ ਸਮਾਜ ਵਿਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਈਦ ਸਿਰਫ਼ ਮੁਸਲਿਮ ਭਾਈਚਾਰੇ ਦਾ ਹੀ ਨਹੀਂ, ਸਗੋਂ ਹਰ ਧਰਮ ਅਤੇ ਵਰਗ ਦੇ ਲੋਕਾਂ ਵੱਲੋਂ ਸਾਂਝੀਵਾਲਤਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਮਾਜ ਨੂੰ ਵੰਡਣ ਵਾਲੀਆਂ ਨਫ਼ਰਤੀ ਅਤੇ ਫੁੱਟਪਾਊ ਤਾਕਤਾਂ ਦੇ ਖ਼ਿਲਾਫ਼ ਸਾਨੂੰ ਇਕੱਠੇ ਹੋ ਕੇ ਪਿਆਰ, ਸਾਂਝ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਵੀ ਇਨ੍ਹਾਂ ਮੁੱਲਾਂ ਨੂੰ ਆਪਣਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਅਮਨ ਅਤੇ ਏਕਤਾ ਬਣੀ ਰਹੇ। ਇਸ ਮੌਕੇ ਉਨ੍ਹਾਂ ਨੇ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ, ਅਮਨ-ਚੈਨ ਅਤੇ ਤਰੱਕੀ ਲਈ ਦੁਆ ਵੀ ਕੀਤੀ ਅਤੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਇਕ ਅਜਿਹਾ ਸਮਾਜ ਬਣਾਈਏ ਜਿੱਥੇ ਹਰ ਵਰਗ ਨੂੰ ਬਰਾਬਰੀ ਦਾ ਮੌਕਾ ਮਿਲੇ ਅਤੇ ਹਰ ਕੋਈ ਖੁਸ਼ਹਾਲ ਜੀਵਨ ਬਿਤਾ ਸਕੇ। ਇਸ ਮੌਕੇ ਰੋਜ਼ਾ ਸਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ, ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ, ਸੈੱਫ ਅਹਿਮਦ, ਕੌਂਸਲਰ ਗੁਲਸ਼ਨ ਰਾਏ ਬੋਬੀ, ਕੌਂਸਲਰ ਅਨੰਦ ਮੋਹਨ, ਕੌਂਸਲਰ ਅਮਰਦੀਪ ਬੈਨੀਪਾਲ, ਕੌਸਲਰ ਪਵਨ ਕਾਲੜਾ, ਕੌਂਸਲਰ ਜਗਜੀਤ ਕੋਕੀ, ਕੌਂਸਲਰ ਵਿਸਾਖੀ ਰਾਮ, ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲ੍ਹਾ, ਗੁਰਜੀਤ ਲੋਗੀ, ਫਵਾਦ, ਦੀਨ ਮੁਹੰਮਦ, ਰਾਜੀਵ ਸ਼ਰਮਾ ਆਦਿ ਮੌਜੂਦ ਸਨ।