ਰੋਜਾ ਸ਼ਰੀਫ ਫਤਹਿਗੜ੍ਹ ਸਾਹਿਬ ਵਿਖੇ ਈਦ ਦਾ ਤਿਉਹਾਰ ਮਨਾਇਆ
ਰੋਜਾ ਸ਼ਰੀਫ ਫਤਹਿਗੜ੍ਹ ਸਾਹਿਬ ਵਿਖੇ ਈਦ ਦਾ ਤਿਉਹਾਰ ਮਨਾਇਆ
Publish Date: Sun, 22 Mar 2026 04:37 PM (IST)
Updated Date: Sun, 22 Mar 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਛੋਟੇ ਮੱਕੇ ਵਜੋਂ ਜਾਣੇ ਜਾਂਦੇ ਰੋਜ਼ਾ ਸ਼ਰੀਫ ਫਤਹਿਗੜ੍ਹ ਸਾਹਿਬ ਵਿਖੇ ਈਦ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਮੁਸਲਮਾਨ ਭਾਈਚਾਰੇ ਨੇ ਸ਼ਿਰਕਤ ਕੀਤੀ। ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਲਖਵੀਰ ਸਿਘ ਰਾਏ ਨੇ ਈਦ ਮੌਕੇ ਰੋਜ਼ਾ ਸ਼ਰੀਫ ਵਿਖੇ ਮੁਸਲਮਾਨ ਭਾਈਚਾਰੇ ਨੂੰ ਮਿਲੇ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਖੁਸ਼ੀਆਂ ਅਤੇ ਰਹਿਮਤਾਂ ਦੇ ਤਿਉਹਾਰ ਈਦ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਇਹ ਪਵਿੱਤਰ ਦਿਨ ਸਾਨੂੰ ਏਕਤਾ, ਪਿਆਰ ਤੇ ਸਹਿਯੋਗ ਦਾ ਸੰਦੇਸ਼ ਦਿੰਦਾ ਹੈ। ਰਮਜ਼ਾਨ ਦੇ ਮਹੀਨੇ ਦੌਰਾਨ ਅਸੀਂ ਸਬਰ, ਅਨੁਸ਼ਾਸਨ ਅਤੇ ਖ਼ੁਦਾ ਦੀ ਇਬਾਦਤ ਰਾਹੀਂ ਆਪਣੇ ਅੰਦਰ ਨਵੀਂ ਤਾਕਤ ਪੈਦਾ ਕਰਦੇ ਹਾਂ ਅਤੇ ਈਦ ਉਸੀ ਮਿਹਨਤ ਦਾ ਸੁਹਾਵਾ ਇਨਾਮ ਹੈ। ਈਦ ਸਾਨੂੰ ਸਿੱਖਾਉਂਦੀ ਹੈ ਕਿ ਅਸੀਂ ਆਪਣੇ ਦਿਲਾਂ ਵਿੱਚੋਂ ਨਫ਼ਰਤ ਨੂੰ ਦੂਰ ਕਰਕੇ ਮੋਹੱਬਤ ਨੂੰ ਜਗ੍ਹਾ ਦਈਏ। ਇਸ ਦਿਨ ਅਸੀਂ ਗਰੀਬਾਂ, ਯਤੀਮਾਂ ਅਤੇ ਲੋੜਵੰਦਾਂ ਦੀ ਮਦਦ ਕਰਦੇ ਹੋਏ ਅਸਲ ਖੁਸ਼ੀ ਮਹਿਸੂਸ ਕਰਦੇ ਹਾਂ। ਆਓ ਅਸੀਂ ਇਹ ਵਾਅਦਾ ਕਰੀਏ ਕਿ ਅਸੀਂ ਆਪਣੇ ਸਮਾਜ ਵਿਚ ਭਾਈਚਾਰੇ ਅਤੇ ਅਮਨ ਨੂੰ ਮਜ਼ਬੂਤ ਬਣਾਵਾਂਗੇ। ਅੰਤ ਵਿਚ ਉਨ੍ਹਾਂ ਈਦ ਦੀ ਮੁਬਾਰਕ ਦਿੰਦਿਆਂ ਕਿਹਾ ਕਿ ਧਾਰਮਿਕ ਤਿਉਹਾਰ ਸਾਡੀ ਭਾਈਚਾਰਕ ਸਾਂਝ ਨੂੰ ਵਧਾਉਣ ’ਚ ਸਹਾਈ ਹੁੰਦੇ ਹਨ। ਸਾਨੂੰ ਇਕ ਦੂਸਰੇ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੋ ਕੇ ਖੁਸ਼ੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਸਾਡੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫਾ, ਜ਼ਿਲ੍ਹਾ ਮਾਈਨੌਰਿਟੀ ਵਿੰਗ ਦੇ ਪ੍ਰਧਾਨ ਡਾ. ਚਮਨ ਕੁਰੈਸ਼ੀ, ਕੁਲਵਿੰਦਰ ਡੇਰਾ, ਮਾਨਵ ਟਿਵਾਣਾ ਆਦਿ ਵੀ ਮੌਜੂਦ ਸਨ।