- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਵਿਚ ਕਾਂਸਟੀਚੂਐਂਟ ਕਾਲਜਾਂ ਵਿਚ ਦਾਖਲਿਆਂ ਲਈ ਉਪਰਾਲੇ ਤੇਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਦੇ ਦਫ਼ਤਰ ਵਿਖੇ ਸੈਸ਼ਨ 2026-27 ਲਈ ਵੱਖ-ਵੱਖ ਕਾਂਸਟੀਚੂਐਂਟ ਕਾਲਜਾਂ ਵਿਚ ਦਾਖਲਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਇਕੱਤਰਤਾ ਹੋਈ। ਮੀਟਿੰਗ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਵੱਲੋਂ ਕੀਤੀ ਤੇ ਇਸ ਵਿਚ ਸਮੂਹ ਕਾਂਸਟੀਚੂਐਂਟ ਕਾਲਜਾਂ ਦੇ ਪ੍ਰਿੰਸੀਪਲ ਇੰਚਾਰਜ ਸ਼ਾਮਲ ਹੋਏ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਕਾਂਸਟੀਚੂਐਂਟ ਕਾਲਜ ਵਿੱਦਿਅਕ ਤੌਰ ’ਤੇ ਪੱਛੜੇ ਖੇਤਰਾਂ ’ਚ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਅਗਵਾਈ ਵਿਚ ਖੋਲ੍ਹੇ ਗਏ ਸਨ। ਇਹ ਕਾਲਜ ਆਪਣੀ ਕਾਰਗੁਜ਼ਾਰੀ ਸਦਕਾ ਉੱਚ ਸਿੱਖਿਆ ਖੇਤਰ ’ਚ ਵਡੇਰਾ ਯੋਗਦਾਨ ਪਾ ਰਹੇ ਹਨ ਅਤੇ ਵਿੱਦਿਅਕ ਤੌਰ ਤੇ ਪਛੜੇ ਇਲਾਕਿਆਂ ਲਈ ਚਾਨਣ ਮੁਨਾਰਾ ਬਣ ਕੇ ਉਭਰੇ ਹਨ। ਉਨ੍ਹਾਂ ਸੈਸ਼ਨ 2026-27 ਲਈ ਸਮੂਹ ਕਾਂਸਟੀਚੂਐਂਟ ਕਾਲਜਾਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਉਪਰਾਲਿਆਂ ਬਾਰੇ ਮੁੱਲਵਾਨ ਸੁਝਾਅ ਦਿੱਤੇ। ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਡਾ. ਅਮਰ ਇੰਦਰ ਸਿੰਘ ਨੇ ਕਿਹਾ ਕਿ ਸੈਸ਼ਨ 2026-27 ਲਈ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਅਗਵਾਈ ਵਿਚ ਸਾਂਝੇ ਪ੍ਰਾਸਪੈਕਟਸ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਕਾਂਸਟੀਚੂਐਂਟ ਕਾਲਜਾਂ ਵਿਚ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਕਾਂਸਟੀਚੂਐਂਟ ਕਾਲਜਾਂ ਦੀ ਬਿਹਤਰੀ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਕਾਂਸਟੀਚੂਐਂਟ ਕਾਲਜਾਂ ਦੀ ਬਿਹਤਰੀ ਲਈ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ ਇੰਚਾਰਜ ਵੱਲੋਂ ਦਿੱਤੇ ਗਏ ਸੁਝਾਵਾਂ ਬਾਰੇ ਡੀਨ ਅਕਾਦਮਿਕ ਮਾਮਲੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਤੋਂ ਪ੍ਰਿੰਸੀਪਲ ਇੰਚਾਰਜ ਡਾ. ਵਨੀਤਾ ਗਰਗ ਨੇ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਡਾ. ਵਨੀਤਾ ਗਰਗ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਜ਼ਿਲ੍ਹੇ ਦਾ ਇੱਕੋ ਇੱਕ ਸਰਕਾਰੀ ਕਾਲਜ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵਚਨਬੱਧ ਹੈ। ਕਾਲਜ ਵਿਖੇ ਸਾਲ 2026-27 ਲਈ ਬੀਏ ਬੀਕਾਮ ਬੀਸੀਏ ਬੀਬੀਏ ਅਤੇ ਬੀਐਸਸੀ ਨਾਨ ਮੈਡੀਕਲ ਤੋਂ ਇਲਾਵਾ ਵੱਖ ਵੱਖ ਪੋਸਟ ਗ੍ਰੈਜੂਏਟ ਕੋਰਸ ਜਿਵੇਂ ਐਮਕਾਮ ਐਮਏ ਰਾਜਨੀਤੀ ਸ਼ਾਸਤਰ ਪੰਜਾਬੀ ਇਤਿਹਾਸ ਸਮਾਜ ਵਿਗਿਆਨ ਅਤੇ ਪੀਜੀਡੀਸੀਏ ਦੇ ਕੋਰਸ ਚੱਲ ਰਹੇ ਹਨ। ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ’ਚ ਪੜ੍ਹਾਈ ਦੇ ਨਾਲ ਨਾਲ ਅਕਾਦਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਤੇ ਵੱਖ ਵੱਖ ਖੇਡਾਂ ਵਿਚ ਪ੍ਰਦਰਸ਼ਨ ਬਹੁਤ ਬਿਹਤਰ ਰਿਹਾ ਹੈ। ਇਥੇ ਐਨਐਸਐਸ ਦੇ ਦੋ ਯੂਨਿਟ ਚੱਲ ਰਹੇ ਹਨ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਪਿਊਟਰ ਫਿਜ਼ਿਕਸ ਕੈਮਿਸਟਰੀ ਲੈਬ ਕੈਂਟੀਨ ਅਤੇ ਆਧੁਨਿਕ ਲਾਇਬ੍ਰੇਰੀ ਵਰਗੀਆਂ ਸਹੂਲਤਾਂ ਉਪਲਬਧ ਹਨ। ਕਾਲਜ ਵਿਚ ਚੱਲ ਰਹੇ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਾਲਜ ਵਿਖੇ ਪਹੁੰਚ ਕੇ ਦਾਖਲਿਆਂ ਸਬੰਧੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।