ਵਿਦਿਆਰਥੀਆਂ ਵੱਲੋਂ ਕੁਰੂਕਸ਼ੇਤਰ ਦਾ ਵਿੱਦਿਅਕ ਦੌਰਾ
ਮਾਤਾ ਗੁਜਰੀ ਕਾਲਜ ਦੇ ਇਤਿਹਾਸ ਅਤੇ ਫਾਈਨ ਆਰਟਸ ਵਿਭਾਗ ਵੱਲੋਂ ਵਿੱਦਿਅਕ ਦੌਰਾ
Publish Date: Sat, 14 Mar 2026 04:57 PM (IST)
Updated Date: Sun, 15 Mar 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮਾਤਾ ਗੁਜਰੀ ਕਾਲਜ ਦੇ ਇਤਿਹਾਸ ਅਤੇ ਫਾਈਨ ਆਰਟਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਕਰੂਕਸ਼ੇਤਰ ਦਾ ਵਿੱਦਿਅਕ ਦੌਰਾ ਆਯੋਜਿਤ ਕੀਤਾ ਗਿਆ ਜਿਸ ਵਿਚ 35 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਕੁਰਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ ਵਿਖਾਇਆ ਗਿਆ ਜਿੱਥੇ ਉਨ੍ਹਾਂ ਨੇ ਇਤਿਹਾਸ ਅਤੇ ਵਿਗਿਆਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਕ੍ਰਿਸ਼ਨ ਸੰਗ੍ਰਹਾਲਿਆ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਕ੍ਰਿਸ਼ਨ ਜੀ ਨਾਲ ਸਬੰਧਿਤ ਵੱਖ-ਵੱਖ ਚਿੱਤਰਕਲਾ ਅਤੇ ਮੂਰਤੀਕਲਾ ਦੇ ਖ਼ੂਬਸੂਰਤ ਨਮੂਨੇ ਵੇਖੇ। ਇਸ ਉਪਰੰਤ ਵਿਦਿਆਰਥੀਆਂ ਨੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਦਰਸ਼ਨ ਕੀਤੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਕਮਤਾ ਤੋਂ ਆ ਕੇ ਠਹਿਰਾਅ ਕੀਤਾ ਸੀ ਅਤੇ ਇਕ ਕੋਹੜ ਰੋਗੀ ਨੂੰ ਤੰਦਰੁਸਤੀ ਬਖ਼ਸ਼ੀ ਸੀ। ਇੱਥੇ ਵਿਦਿਆਰਥੀਆਂ ਨੇ ਲੰਗਰ ਵੀ ਛਕਿਆ। ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਮਹਾਨ ਇਤਿਹਾਸ ਨਾਲ ਜੋੜਦੇ ਹਨ ਜੋ ਉਨ੍ਹਾਂ ਦੇ ਅਧਿਆਤਮਕ ਅਤੇ ਸਰਬਪੱਖੀ ਵਿਕਾਸ ਵਿਚ ਸਹਾਈ ਸਿੱਧ ਹੁੰਦੇ ਹਨ। ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਵਿਦਿਅਕ ਦੌਰਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅਵਨੀਤ ਕੌਰ, ਡਾ. ਰਮਨਦੀਪ ਕੌਰ ਅਤੇ ਪ੍ਰੋ. ਬਨਿੰਦਰ ਕੌਰ ਨੇ ਵਿਦਿਆਰਥੀਆਂ ਦੀ ਅਗਵਾਈ ਕੀਤੀ।