ਜਰੂਰੀ) ਡਾ. ਧਰਮਿੰਦਰ ਉੱਭਾ ਦੀ ਚੌਥੀ ਵਾਰਤਕ ਕਿਤਾਬ ਲੋਕ ਅਰਪਿਤ
ਡਾ. ਧਰਮਿੰਦਰ ਸਿੰਘ ਉੱਭਾ ਦੀ ਚੌਥੀ ਵਾਰਤਕ ਕਿਤਾਬ ‘ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ’ ਲੋਕ ਅਰਪਿਤ
Publish Date: Sun, 07 Jun 2026 06:30 PM (IST)
Updated Date: Sun, 07 Jun 2026 06:32 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਪ੍ਰਸਿੱਧ ਸਿੱਖਿਆ ਸ਼ਾਸਤਰੀ, ਸਾਹਿਤਕਾਰ ਤੇ ਪ੍ਰਿੰਸੀਪਲ, ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ, ਡਾ. ਧਰਮਿੰਦਰ ਸਿੰਘ ਉੱਭਾ ਦੀ ਚੌਥੀ ਵਾਰਤਕ ਕਿਤਾਬ ‘ਜੀਵਨ, ਮੁਹੱਬਤ ਤੇ ਚੜ੍ਹਦੀ ਕਲਾ’ ਅੱਜ ਸਰਹਿੰਦ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਲੋਕ ਅਰਪਿਤ ਕੀਤੀ ਗਈ। ਇਹ ਸਮਾਗਮ ਸਾਹਿਤ, ਸਿੱਖਿਆ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋਇਆ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਸੇਵਾ ਨਿਭਾਉਂਦੇ ਹੋਏ ਉੱਚੇਰੀ ਸਿੱਖਿਆ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਜਗਤਾਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਵਿਨੋਦ ਕੁਮਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਪਟੀ ਡਾਇਰੈਕਟਰ ਡਾ. ਕਸ਼ਮੀਰ ਸਿੰਘ ਨੇ ਕਿਤਾਬ ਦੇ ਵੱਖ-ਵੱਖ ਪੱਖਾਂ ਬਾਰੇ ਵਿਸਥਾਰਪੂਰਵਕ ਵਿਚਾਰ ਪ੍ਰਗਟ ਕੀਤੇ। ਡਾ. ਜਗਤਾਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਆਧੁਨਿਕ ਮਨੁੱਖ ਨੂੰ ਪਾਜ਼ੇਟਿਵ ਸੋਚ, ਸ਼ੁਕਰਾਨੇ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਤਣਾਅਪੂਰਨ ਸਮਾਜਿਕ ਮਾਹੌਲ ਵਿਚ ਅਜਿਹੀਆਂ ਰਚਨਾਵਾਂ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ ਅਤੇ ਜੀਵਨ ਦੇ ਅਸਲ ਅਰਥਾਂ ਨੂੰ ਸਮਝਣ ਲਈ ਪ੍ਰੇਰਿਤ ਕਰਦੀਆਂ ਹਨ। ਡਾ. ਵਿਨੋਦ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ‘ਜੀਵਨ, ਮੁਹੱਬਤ ਅਤੇ ਚੜ੍ਹਦੀ ਕਲਾ’ ਕੇਵਲ ਲੇਖਾਂ ਦਾ ਸੰਗ੍ਰਹਿ ਨਹੀਂ, ਸਗੋਂ ਜੀਵਨ-ਦਰਸ਼ਨ ਦਾ ਇੱਕ ਸੁੰਦਰ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਪਿਆਰ, ਮਨੁੱਖਤਾ, ਪਰਿਵਾਰਕ ਮੁੱਲਾਂ, ਮਾਂ ਦੀ ਮਮਤਾ, ਦੋਸਤੀ, ਆਤਮ-ਚਿੰਤਨ ਅਤੇ ਰੂਹਾਨੀਅਤ ਵਰਗੇ ਵਿਸ਼ਿਆਂ ਨੂੰ ਬਹੁਤ ਹੀ ਸਰਲ, ਪ੍ਰਭਾਵਸ਼ਾਲੀ ਅਤੇ ਦਿਲ ਨੂੰ ਛੂਹਣ ਵਾਲੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਿਤਾਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਮਨੁੱਖ ਨੂੰ ਆਪਣੇ ਮੂਲ ਨਾਲ ਜੋੜਦੀ ਹੈ। ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਇਹ ਕਿਤਾਬ ਜੀਵਨ ਦੇ ਵੱਖ-ਵੱਖ ਅਨੁਭਵਾਂ, ਰਿਸ਼ਤਿਆਂ, ਮਨੁੱਖੀ ਮੁੱਲਾਂ ਤੇ ਰੂਹਾਨੀ ਚਿੰਤਨ ਦਾ ਨਿਚੋੜ ਹੈ। ਡਾ. ਉੱਭਾ ਨੇ ਇਹ ਕਿਤਾਬ ਆਪਣੀ ਜੀਵਨ ਸਾਥਣ ਡਾ. ਸਵਰਨਜੀਤ ਕੌਰ ਉੱਭਾ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਆਰ, ਸਾਥ, ਸਮਝ ਅਤੇ ਵਿਸ਼ਵਾਸ ਨੇ ਜੀਵਨ ਦੇ ਹਰ ਪੜਾਅ ’ਤੇ ਉਨ੍ਹਾਂ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਤਾਬ ਨੂੰ ਸਮਕਾਲੀ ਪੰਜਾਬੀ ਵਾਰਤਕ ਸਾਹਿਤ ਵਿਚ ਇੱਕ ਮਹੱਤਵਪੂਰਨ ਯੋਗਦਾਨ ਕਰਾਰ ਦਿੰਦਿਆਂ ਕਿਹਾ ਕਿ ਇਹ ਰਚਨਾ ਪਾਠਕਾਂ ਨੂੰ ਜੀਵਨ ਨੂੰ ਪਾਜ਼ੇਟਿਵ ਨਜ਼ਰੀਏ ਨਾਲ ਦੇਖਣ, ਪਿਆਰ ਅਤੇ ਮਨੁੱਖਤਾ ਦੇ ਮੁੱਲਾਂ ਨੂੰ ਅਪਣਾਉਣ ਅਤੇ ਚੜ੍ਹਦੀ ਕਲਾ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਪ੍ਰੋ. ਅੱਛਰੂ ਸਿੰਘ, ਸੁਰਜੀਤ ਸਿੰਘ ਸਾਹੀ, ਡਾ. ਕੁਲਵਿੰਦਰ ਸਿੰਘ ਸੋਹਲ, ਭੁਪਿੰਦਰ ਸਿੰਘ ਜੱਗੀ, ਪ੍ਰੋ. ਗੁਰਦਰਸ਼ਨ ਸਿੰਘ, ਡਾ. ਅੰਮ੍ਰਿਤਵੀਰ ਸਿੰਘ, ਡਾ. ਜਗਜੀਤ ਸਿੰਘ, ਪ੍ਰਿਤਪਾਲ ਸਿੰਘ ਜੱਸੀ, ਕਰਨਵੀਰ ਸਿੰਘ ਰੰਧਾਵਾ ਅਤੇ ਵੱਡੀ ਗਿਣਤੀ ਵਿੱਚ ਸਾਹਿਤ, ਸਿੱਖਿਆ ਅਤੇ ਸਮਾਜਿਕ ਖੇਤਰ ਨਾਲ ਸਬੰਧਤ ਸ਼ਖ਼ਸੀਅਤਾਂ ਹਾਜ਼ਰ ਸਨ।