ਡਾ. ਅਮਰ ਵੱਲੋਂ ਮੀਂਹ ਨਾਲ ਨੁਕਸਾਨੀ ਫ਼ਸਲ ਲਈ ਅੰਤਰਿਮ ਰਾਹਤ ਦੀ ਮੰਗ
ਡਾ. ਅਮਰ ਸਿੰਘ ਵੱਲੋਂ ਮੀਂਹ ਨਾਲ ਨੁਕਸਾਨੀ ਫ਼ਸਲ ਲਈ ਅੰਤਰਿਮ ਰਾਹਤ ਦੀ ਮੰਗ
Publish Date: Wed, 08 Apr 2026 06:30 PM (IST)
Updated Date: Wed, 08 Apr 2026 06:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਮੌਸਮੀ ਮਾਰ ਕਾਰਨ ਬਰਬਾਦ ਹੋ ਰਹੀ ਹੈ ਅਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਤੁਰੰਤ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਡਾ. ਅਮਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸੰਸਦ ਸੈਸ਼ਨ ਦੌਰਾਨ ਦਿੱਲੀ ਵਿਖੇ ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਅਤੇ ਤੁਰੰਤ ਅੰਤਰਿਮ ਰਾਹਤ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਦੌਰਾਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ ਪਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿਰਫ ਐਲਾਨ ਕੀਤੇ ਗਏ ਸਨ ਅਤੇ ਜ਼ਮੀਨੀ ਪੱਧਰ ਉੱਤੇ ਕੋਈ ਢੁੱਕਵੀਂ ਮਦਦ ਨਹੀਂ ਮਿਲੀ। ਉਨ੍ਹਾਂ ਜ਼ੋਰ ਦੇ ਕਿਹਾ ਕਿ ਇਸ ਵਾਰ ਸਰਕਾਰ ਸਿਰਫ ਐਲਾਨਾਂ ਤੱਕ ਸੀਮਿਤ ਨਾ ਰਹੇ ਸਗੋਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਜਾਰੀ ਕਰੇ। ਡਾ. ਅਮਰ ਸਿੰਘ ਨੇ ਮੰਗ ਕੀਤੀ ਕਿ ਪ੍ਰਭਾਵਿਤ ਖੇਤਰਾਂ ਵਿੱਚ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਹਰ ਏਕੜ ਦੇ ਹਿਸਾਬ ਨਾਲ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਹੋਣ।