ਨਹਿਰ ’ਚ ਡੁੱਬ ਰਹੇ ਨੌਜਵਾਨ ਦੀ ਗੋਤਾਖੋਰ ਨੇ ਬਚਾਈ ਜਾਨ
ਨਹਿਰ ਵਿੱਚ ਡੁੱਬ ਰਹੇ ਨੌਜਵਾਨ ਦੀ ਗੋਤਾਖੋਰ ਨੇ ਬਚਾਈ ਜਾਨ
Publish Date: Sat, 03 Jan 2026 06:58 PM (IST)
Updated Date: Sat, 03 Jan 2026 06:59 PM (IST)

ਜਾਗਰਣ ਟੀਮ, ਪੰਜਾਬੀ ਜਾਗਰਣ, ਫਤਿਹਗੜ੍ਹ ਸਾਹਿਬ : ਪਿੰਡ ਚਨਾਰਥਲ ਕੋਲੋਂ ਲੰਗਦੀ ਭਾਖੜਾ ਨਹਿਰ ਵਿੱਚ ਇੱਕ 19 ਸਾਲਾ ਇੱਕ ਨੌਜਵਾਨ ਡਿੱਗ ਗਿਆ, ਜਿਸ ਨੂੰ ਉੱਥੇ ਮੌਜੂਦ ਗੋਤਾਖੋਰਾਂ ਨੇ ਕੁਝ ਕੋਸ਼ਿਸ਼ਾਂ ਤੋਂ ਬਾਅਦ ਬਚਾਅ ਲਿਆ। ਨਹਿਰ ਵਿੱਚੋਂ ਬਚਾਏ ਜਾਣ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਗੋਤਾਖੋਰ ਆਸ਼ੂ ਮਲਿਕ ਨੇ ਨੌਜਵਾਨ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਪਾਈ। ਜਾਣਕਾਰੀ ਅਨੁਸਾਰ ਪਟਿਆਲਾ ਦਾ ਰਹਿਣ ਵਾਲਾ 19 ਸਾਲਾ ਗੌਤਮ ਅਕਸਰ ਪੁੰਨ ਦਾਨ ਕਰਨ ਲਈ ਨਹਿਰ ਕਿਨਾਰੇ ਜਾਂਦਾ ਸੀ। ਅੱਜ ਵੀ ਉਹ ਇਸੇ ਮਕਸਦ ਲਈ ਨਹਿਰ ਨੇੜੇ ਪਹੁੰਚਿਆ ਸੀ। ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਨਹਿਰ ਵਿੱਚ ਡਿੱਗ ਪਿਆ। ਨੌਜਵਾਨ ਡੁੱਬਣ ਤੋਂ ਬਚਣ ਲਈ ਲਗਭਗ ਇੱਕ ਕਿਲੋਮੀਟਰ ਤਕ ਸੰਘਰਸ਼ ਕਰ ਰਿਹਾ। ਗੋਤਾਖੋਰ ਆਸ਼ੂ ਮਲਿਕ ਨੇ ਡੁੱਬਦੇ ਨੌਜਵਾਨ ਨੂੰ ਦੇਖ ਕੇ ਨਹਿਰ ਵਿੱਚ ਰੱਸੀ ਸੁੱਟ ਦਿੱਤੀ ਅਤੇ ਤੁਰੰਤ ਉਸ ਵਿੱਚ ਛਾਲ ਮਾਰ ਦਿੱਤੀ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਉਸ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਆਸ-ਪਾਸ ਦੇ ਲੋਕਾਂ ਨੇ ਵੀ ਗੋਤਾਖੋਰ ਦੀ ਮਦਦ ਕੀਤੀ। ਨੌਜਵਾਨ ਨੂੰ ਬਚਾਉਣ ਤੋਂ ਬਾਅਦ, ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।