ਜ਼ਿਲ੍ਹਾ ਪੁਲਿਸ ਮੁਖੀ ਵੱਖ-ਵੱਖ ਸ਼ਿਵ ਮੰਦਰਾਂ ਵਿਖੇ ਹੋਏ ਨਤਮਸਤਕ
ਜ਼ਿਲ੍ਹਾ ਪੁਲਿਸ ਮੁਖੀ ਵੱਖ-ਵੱਖ ਸ਼ਿਵ ਮੰਦਰਾਂ ਵਿਖੇ ਹੋਏ ਨਤਮਸਤਕ
Publish Date: Sun, 15 Feb 2026 06:33 PM (IST)
Updated Date: Sun, 15 Feb 2026 06:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਮਹਾਂ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ’ਤੇ ਵੱਖ-ਵੱਖ ਮੰਦਰਾਂ ਵਿਚ ਨਤਮਸਤਕ ਹੋਏ। ਉਨ੍ਹਾਂ ਪੰਚ ਮੁਖੀ ਸ਼ਿਵ ਮੰਦਿਰ, ਨੈਣਾ ਦੇਵੀ ਮੰਦਰ, ਪ੍ਰਾਚੀਨ ਸ਼ਿਵ ਮੰਦਿਰ ਸਾਹਮਣੇ ਸਟੇਟ ਬੈਂਕ ਆਫ ਪਟਿਆਲਾ, ਰਾਧਾ ਮਾਧਵ ਗਊਸ਼ਾਲਾ ਵਿਖੇ ਜਾ ਕੇ ਮੱਥਾ ਟੇਕਿਆ ਅਤੇ ਗਊਆਂ ਨੂੰ ਹਰਾ ਚਾਰਾ ਖਵਾਇਆ। ਵੱਖ ਵੱਖ ਮੰਦਰ ਕਮੇਟੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਮਹਾਂ ਸ਼ਿਵਰਾਤਰੀ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਅੱਜ ਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਮੰਦਰਾਂ ਦੇ ਵਿੱਚ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਤਾਂ ਜੋ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ। ਸਾਨੂੰ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਤੇ ਸ਼ਾਂਤ ਬਣਾਈ ਰੱਖਣ ਦੇ ਲਈ ਸਾਰਿਆਂ ਨੂੰ ਰਲ-ਮਿਲ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਛੋਟੇ ਵੱਡੇ ਕਰੀਬ 1200 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਜੋ ਨਸ਼ੇ ਦੀ ਚੇਨ ਨੂੰ ਤੋੜਿਆ ਜਾ ਸਕੇ। ਜ਼ਿਲਾ ਪੁਲਿਸ ਇਸ ਮਕਸਦ ’ਚ ਕਾਮਯਾਬ ਵੀ ਹੋਈ ਹੈ। ਪੁਲਿਸ ਵੱਲੋਂ ਪਰਹਾਰ-1 ਤੇ ਪ੍ਰਹਾਰ-2 ਮੁਹਿੰਮ ਦੇ ਤਹਿਤ ਕਰੀਬ 200 ‘ਅਪਰਾਧੀਆਂ’ ਨੂੰ ਫੜ ਕੇ ਅੰਦਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਆਪਣੀ ਡਿਊਟੀ ਬਾਖ਼ੂਬੀ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਖਰਾਬ ਕਰਨ ਵਾਲੇ ਲੋਕ ਆਪਣੀਆਂ ਚਾਲਾਂ ਤੋਂ ਬਾਜ਼ ਆਉਣ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤਰੁਣ ਸ਼ਰਮਾ, ਐਡਵੋਕੇਟ ਗੁਰਜੀਤ ਸਿੰਘ ਲੋਗੀ, ਨਿਰਦੋਸ਼ ਕੁਮਾਰ, ਰਾਜੂ, ਦੀਪਕ ਬਾਤਿਸ਼, ਵਿਪਲ ਗੁਪਤਾ, ਪ੍ਰਦੀਪ ਕੁਮਾਰ, ਵਿਪਨ ਸਡਾਣਾ, ਰਾਜਕੁਮਾਰ ਰਾਜੂ, ਰਾਕੇਸ਼ ਗੁਪਤਾ, ਵਿਜੈ ਪਾਠਕ, ਸੁਰੇਸ਼ ਸ਼ਰਮਾਅਸ਼ੋਕ ਕੁਮਾਰ ਐੱਸਐੱਚਓ ਅਤੇ ਹੋਰ ਮੌਜੂਦ ਸਨ।