ਡੀਈਓ ਵੱਲੋਂ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ
Publish Date: Thu, 26 Mar 2026 06:03 PM (IST)
Updated Date: Thu, 26 Mar 2026 06:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਣਾ, ਘੁੱਟੀਂਡ, ਫੈਜ਼ੁਲਾਪੁਰ, ਸਰਕਾਰੀ ਮਿਡਲ ਸਕੂਲ ਸ਼ਾਹਪੁਰ ਘੁੱਟੀਂਡ ਤੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਵਿਖੇ ਪਹੁੰਚ ਕੇ ਸਕੂਲਾਂ ਦੇ ਵੱਖ-ਵੱਖ ਪਹਿਲੂਆਂ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਸਕੂਲਾਂ ਵਿਚ ਆਉਣ ਵਾਲੀ ਮਾਪੇ ਅਧਿਆਪਕ ਮਿਲਣੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਕੂਲ ਪ੍ਰਬੰਧਕਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਉਪਰਾਲੇ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਮਿਡ ਡੇ ਮੀਲ ਯੋਜਨਾ ਤਹਿਤ ਵਿਦਿਆਰਥੀਆਂ ਦੀ ਹਾਜ਼ਰੀ ਅਨੁਸਾਰ ਤਿਆਰ ਹੋ ਰਹੇ ਖਾਣੇ ਦੀ ਰਿਪੋਰਟ ਵੀ ਇਕੱਤਰ ਕੀਤੀ। ਡੀਈਓ ਨੇ ਨੈਸ਼ਨਲ ਸਕਿਲ ਕੁਆਲੀਫਿਕੇਸ਼ਨ ਫਰੇਮ ਵਰਕ ਅਧੀਨ ਆਈਆਂ ਗਰਾਂਟਾਂ ਦੀ ਵਰਤੋਂ ਬਾਰੇ ਜਾਣਕਾਰੀ ਲਈ ਅਤੇ ਅਣਵਰਤੀਆਂ ਗਰਾਂਟਾਂ ਨੂੰ ਇੱਕ ਤੀਹ ਮਾਰਚ ਤੋਂ ਪਹਿਲਾਂ ਖਰਚਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਆਗਾਮੀ ਸੈਸ਼ਨ ਲਈ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉੱਤਰ ਪੱਤਰੀਆਂ ਤੇ ਰਿਪੋਰਟ ਕਾਰਡ ਦੀ ਚੈਕਿੰਗ ਵੀ ਕੀਤੀ ਗਈ ਅਤੇ ਰਿਕਾਰਡ ਸਮੇਂ ਤੇ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਸਕੂਲ ਮੁਖੀਆਂ ਨਾਲ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਲੋੜੀਂਦੇ ਅਧਿਆਪਕਾਂ ਦੇ ਆਰਜੀ ਪ੍ਰਬੰਧ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ ਚੌਦਾਂ ਤੋਂ ਵੱਧ ਤੇ ਪੰਜ੍ਹੀ ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਲਈ ਐਚਪੀਵੀ ਵੈਕਸੀਨੇਸ਼ਨ ਮੁਹਿੰਮ ਤਹਿਤ ਸਕੂਲਾਂ ਵਿੱਚ ਨੋਡਲ ਅਧਿਆਪਕ ਲਗਾਉਣ ਲਈ ਕਿਹਾ ਤਾਂ ਜੋ ਇਸ ਉਮਰ ਵਰਗ ਦੀ ਕੋਈ ਵੀ ਲੜਕੀ ਟੀਕਾਕਰਨ ਤੋਂ ਵਾਂਝੀ ਨਾ ਰਹੇ। ਉਨ੍ਹਾਂ ਸਕੂਲ ਮੁਖੀਆਂ ਨੂੰ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸਕੂਲਾਂ ਦੀ ਬਿਹਤਰੀ ਲਈ ਨਿਰਸਵਾਰਥ ਯਤਨ ਕਰਨ ਲਈ ਵੀ ਆਖਿਆ। ਫ਼ੋਟੋ ਕੈਪਸ਼ਨ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਵਿੰਦਰ ਕੌਰ ਇੱਕ ਸਕੂਲ ਦੇ ਨਿਰੀਖਣ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ।