ਡਾਇਟ ਸਿੱਖਿਆਰਥੀ ਹਰਜੀਤ ਕੌਰ ਭਾਸ਼ਣ ਮੁਕਾਬਲੇ ’ਚ ਰਹੀ ਮੋਹਰੀ
ਡਾਇਟ ਸਿੱਖਿਆਰਥੀ ਹਰਜੀਤ ਕੌਰ ਨੇ ਭਾਸ਼ਣ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ
Publish Date: Sun, 01 Feb 2026 05:01 PM (IST)
Updated Date: Sun, 01 Feb 2026 05:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਹਾਇਕ ਡਾਇਰੈਕਟਰ ਪ੍ਰੋਫੈਸਰ ਦਿਲਬਰ ਸਿੰਘ ਦੀ ਨਿਗਰਾਨੀ ਹੇਠ ਕਰਵਾਏ ਮੁਕਾਬਲੇ ਵਿਚ ਰੈੱਡ ਰਿਬਨ ਕਲੱਬਾਂ, ਯੁਵਕ ਸੇਵਾਵਾਂ ਕਲੱਬਾਂ ਤੇ ਐੱਨਐੱਸਐੱਸ ਯੂਨਿਟਾਂ ਨੂੰ ਸੱਦਾ ਦਿੱਤਾ ਗਿਆ ਸੀ। ਮੁਕਾਬਲਾ ਸਕੂਲ ਅਤੇ ਕਾਲਜ ਪੱਧਰ ਤੇ ਵੰਡਿਆ ਗਿਆ, ਜਿਸ ਵਿਚ ਗੁਰੂ ਜੀ ਦੇ ਜੀਵਨ, ਵਿਅਕਤਿਤਵ, ਕੁਰਬਾਨੀ, ਫ਼ਲਸਫੇ ਅਤੇ ਬਾਣੀ ਨਾਲ ਜੁੜੇ ਵਿਸ਼ੇ ਸਨ। ਜ਼ਿਲ੍ਹੇ ਦੀਆਂ ਕੁੱਲ 18 ਟੀਮਾਂ ਨੇ ਹਿੱਸਾ ਲਿਆ। ਕਾਲਜ ਪੱਧਰ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਦੀ ਈਟੀਟੀ ਵਿਦਿਆਰਥਣ ਹਰਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਡਾ. ਕੁਲਦੀਪ ਸਿੰਘ ਦੀਪ ਵੱਲੋਂ ਲਿਖਿਆ ਭਾਸ਼ਣ ਪੇਸ਼ ਕੀਤਾ, ਜਿਸ ਵਿੱਚ ਗੁਰੂ ਜੀ ਦੇ ਫ਼ਲਸਫੇ ਨੂੰ ਵਿਸ਼ਵ ਪੱਧਰ ਤੇ ਇਕਸਾਰ ਸੱਭਿਆਚਾਰ ਦੇ ਵਿਰੋਧ ਵਿੱਚ ਵੰਨ-ਸੁਵੰਨੇ ਸੱਭਿਆਚਾਰ ਦੀ ਉਸਾਰੀ ਵਜੋਂ ਪੇਸ਼ ਕੀਤਾ ਗਿਆ। ਸਕੂਲ ਪੱਧਰ ਤੇ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਸਾਹਿਬ ਦੀ ਵਿਦਿਆਰਥਣ ਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਰੇ ਪ੍ਰਤੀਯੋਗੀਆਂ ਨੂੰ ਨਕਦ ਇਨਾਮ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਡਾਇਟ ਪ੍ਰਿੰਸੀਪਲ ਡਾ. ਅਨੰਦ ਗੁਪਤਾ ਨੇ ਹਰਜੀਤ ਕੌਰ ਦੀ ਪ੍ਰਾਪਤੀ ਤੇ ਮਾਣ ਜਤਾਉਂਦਿਆਂ ਕਿਹਾ ਕਿ ਵਿਦਿਆਰਥੀ ਗੁਰੂ ਜੀ ਦੇ ਫ਼ਲਸਫੇ ਨੂੰ ਆਲੇ-ਦੁਆਲੇ ਫੈਲਾਉਣ ਦਾ ਕੰਮ ਜਾਰੀ ਰੱਖਣਗੇ।