ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਿੱਖਿਆਰਥੀ ਸਨਮਾਨੇ
ਇੰਟਰ ਡਾਇਟ ਯੂਥ ਫੈਸਟੀਵਲ ਵਿਚ ਡਾਇਟ ਫਤਹਿਗੜ੍ਹ ਸਾਹਿਬ ਨੇ ਕਈ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ
Publish Date: Mon, 12 Jan 2026 04:54 PM (IST)
Updated Date: Mon, 12 Jan 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਐਸਸੀਈਆਰਟੀ ਪੰਜਾਬ ਦੀ ਅਗਵਾਈ ਵਿਚ ਹੋਏ ਦੂਜੇ ਇੰਟਰ ਡਾਇਟ ਯੂਥ ਫੈਸਟੀਵਲ ਵਿਚ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫਤਹਿਗੜ੍ਹ ਸਾਹਿਬ ਨੇ ਸੰਸਥਾ ਮੁਖੀ ਡਾ. ਅਨੰਦ ਗੁਪਤਾ ਦੀ ਅਗਵਾਈ ਵਿਚ ਰੋਲ ਪਲੇਅ ਮੁਕਾਬਲੇ ’ਚ ਪੰਜਾਬ ਦੀਆਂ ਸਾਰੀਆਂ ਡਾਇਟਾਂ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਿਤ ਤੇ ਸਾਗਰ ਸੁਰਿੰਦਰ ਦੁਆਰਾ ਨਿਰਦੇਸ਼ਿਤ ਇਸ ਨਾਟਕ ‘ਕਾਂਡ 1919’ ਵਿਚ ਹਰਜੀਤ ਕੌਰ, ਹਰਜੋਤ ਕੌਰ, ਪਰਨੀਤ ਕੌਰ, ਪ੍ਰੇਰਨਾ, ਹਰਪ੍ਰੀਤ ਸਿੰਘ ਤੇ ਤਰੁਣ ਕੁਮਾਰ ਨੇ ਬਤੌਰ ਅਦਾਕਾਰ ਕਾਰਜ ਕਰਦਿਆਂ ਆਪਣੀ ਕਲਾ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਸੰਸਥਾ ਦੀ ਵਿਦਿਆਰਥਣ ਜਸਵਿੰਦਰ ਕੌਰ ਨੇ ‘ਮੁਰਦਿਆਂ ਦਾ ਦੇਸ਼’ ਕਵਿਤਾ ਬੋਲ ਕੇ ਦਲਿਤਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਅਤੇ ਕਵਿਤਾ ਉਚਾਰਨ ਮੁਕਾਬਲੇ ਵਿਚ ਦੂਜਾ ਸਥਾਨ ਹਾਸਿਲ ਕੀਤਾ। ਸੰਸਥਾ ਦੀਆਂ ਦੋ ਵਿਦਿਆਰਥਣਾਂ ਗੁਰ ਸਿਮਰਨ ਕੌਰ ਅਤੇ ਨਵਪ੍ਰੀਤ ਕੌਰ ਨੇ ‘ਨੌਜੁਆਨਾਂ ਲਈ ਸੋਸ਼ਲ ਮੀਡੀਆ: ਵਰਦਾਨ ਜਾਂ ਸਰਾਪ’ ਵਿਸ਼ੇ ਤੇ ਹੋਏ ਡਿਬੇਟ ਮੁਕਬਲੇ ਵਿਚ ਸ਼ਾਨਦਾਰ ਪ੍ਰਦਰਸਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ। ਡਾਇਟ ਦੇ ਗਤੀਵਿਧੀਆਂ ਦੇ ਇੰਚਾਰਜ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਫੈਸਟੀਵਲ ਵਿਚ ਇਸ ਸੰਸਥਾ ਦੇ ਵਿਦਿਆਰਥੀਆਂ ਨੇ ਉਪਰੋਕਤ ਮੁਕਾਬਲਿਆਂ ਤੋਂ ਇਲਾਵਾ ਭੰਗੜਾ, ਗਿੱਧਾ, ਕੈਲੀਗ੍ਰਾਫੀ, ਲੇਖ, ਕੁਇਜ਼, ਲੋਕਗੀਤ, ਰੰਗੋਲੀ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਵੀ ਭਾਗ ਲਿਆ। ਇਸ ਜਿੱਤ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਡਾ. ਅਨੰਦ ਗੁਪਤਾ ਨੇ ਕਿਹਾ ਐਸਸੀਈਆਰਟੀ ਪੰਜਾਬ ਦਾ ਇਹ ਸਾਨਦਾਰ ਉਪਰਾਲਾ ਹੈ ਕਿਉਂਕਿ ਇਹ ਮੁਕਾਬਲੇ ਸਿੱਖਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਦੇ ਹਨ। ਫਸਵੇਂ ਮੁਕਾਬਲਿਆਂ ਵਿਚ ਤਿੰਨ ਸਥਾਨ ਹਾਸਿਲ ਕਰਕੇ ਸਾਡੀ ਡਾਇਟ ਨੇ ਆਪਣੀ ਮਿਹਨਤ ਦਾ ਪ੍ਰਮਾਣ ਦਿੱਤਾ ਹੈ। ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਇਹ ਮੁਕਾਬਲੇ ਜਿੱਤਣ ਨਾਲੋਂ ਵੀ ਵੱਧ ਸਿੱਖਣ ਲਈ ਹੁੰਦੇ ਹਨ। ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਹੋਣਾ ਭਵਿੱਖ ਦੇ ਇਨ੍ਹਾਂ ਅਧਿਆਪਕਾਂ ਨੂੰ ਬੇਹਤਰ ਅਧਿਆਪਕ ਹੋਣ ਦੇ ਰਾਹ ਤੋਰਨਾ ਹੈ। ਇਨ੍ਹਾਂ ਮੁਕਾਬਲਿਆਂ ਦੀ ਸਖ਼ਤ ਤਿਆਰੀ ਵਿਚ ਮੈਡਮ ਹਰਪ੍ਰੀਤ ਕੌਰ, ਵੰਦਨਾ ਚੋਪੜਾ, ਨਰਿੰਦਰ ਕੌਰ, ਪਰਵਿੰਦਰ ਸਿੰਘ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ, ਜਸਪਾਲ ਕੌਰ, ਤਨਵੀਰ ਸਿੰਘ ਅਤੇ ਹਰਜੀਤ ਸਿੰਘ ਨੇ ਨਾਲ ਨਾਲ ਕੋਚ ਸੁਖਦੇਵ ਸਿੰਘ, ਰਸ਼ਮਨ ਕੌਰ ਅਤੇ ਸਾਗਰ ਸੁਰਿੰਦਰ ਦੀ ਅਹਿਮ ਭੂਮਿਕਾ ਰਹੀ।