ਪਾਸਪੋਰਟ ਸੇਵਾ ਕੇਂਦਰ ਫਤਹਿਗੜ੍ਹ ਸਾਹਿਬ ਤਬਦੀਲ ਕਰਨ ਦੀ ਮੰਗ
ਪਾਸਪੋਰਟ ਸੇਵਾ ਕੇਂਦਰ ਫਤਹਿਗੜ੍ਹ ਸਾਹਿਬ ਤਬਦੀਲ ਕਰਨ ਦੀ ਮੰਗ
Publish Date: Mon, 23 Mar 2026 06:36 PM (IST)
Updated Date: Mon, 23 Mar 2026 06:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਪਾਸਪੋਰਟ ਦਫ਼ਤਰ ਨਾ ਹੋਣ ਕਾਰਨ ਆਮ ਜਨਤਾ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਕਰਯੋਗ ਹੈ ਕਿ ਜ਼ਿਲ੍ਹੇ ਦਾ ਪਾਸਪੋਰਟ ਸੇਵਾ ਕੇਂਦਰ ਬਸੀ ਪਠਾਣਾਂ ਦੇ ਪੋਸਟ ਆਫਿਸ ਵਿਖੇ ਬਣਿਆ ਹੋਇਆ ਹੈ। ਐਨਜੀਓ ਵਿਵੇਕ ਫਾਊਂਡੇਸ਼ਨ ਦੇ ਚੈਅਰਮੈਨ ਰੂਪ ਨਰੇਸ਼ ਨੇ ਦੱਸਿਆ ਕਿ ਪਾਸਪੋਰਟ ਸੇਵਾ ਕੇਂਦਰ ਬਸੀ ਪਠਾਣਾਂ ਦੇ ਅੰਦਰ ਬਾਜ਼ਾਰ ਵਿਚ ਬਣਿਆ ਹੋਣ ਕਾਰਨ ਪਹਿਲਾਂ ਤਾਂ ਉਸ ਸਥਾਨ ’ਤੇ ਪਹੁੰਚਣਾ ਬੜਾ ਮੁਸ਼ਕਿਲ ਹੁੰਦਾ ਹੈ। ਬਾਜ਼ਾਰ ਦਾ ਰਸਤਾ ਛੋਟਾ ਹੋਣ ਕਾਰਨ ਕਿਸੇ ਵੀ ਕਾਰ ਚਾਲਕ ਨੂੰ ਦਫ਼ਤਰ ਤੱਕ ਪਹੁੰਚਣ ਲਈ ਸਾਰੇ ਬਾਜ਼ਾਰ ਵਿੱਚੋ ਗੱਡੀ ਲੈਕੇ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ। ਦਫ਼ਤਰ ਵਿਚ ਆਮ ਜਨਤਾ ਦੇ ਬੈਠਣ ਦਾ ਵੀ ਸਹੀ ਪ੍ਰਬੰਧ ਨਾ ਹੋਣ ਕਾਰਨ ਕਈ ਲੋਕਾਂ ਨੂੰ ਗਰਮੀ ਦੇ ਮੌਸਮ ਵਿਚ ਬਿਨਾਂ ਪਖੇ ਤੋਂ ਬੈਠਣਾ ਪੈਂਦਾ ਹੈ। ਅਪੋਆਇੰਟਮੈਂਟ ਲੈਕੇ ਜਾਣ ਦੇ ਬਾਵਜੂਦ ਵੀ ਦੋ ਘੰਟੇ ਬਾਹਰ ਗਰਮੀ ਵਿੱਚ ਬੈਠ ਕੇ ਇੰਤਜ਼ਾਰ ਕਰਨਾ ਪੈਂਦਾ ਹੈ। ਲੋਕਾਂ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਪਾਸਪੋਰਟ ਸੇਵਾ ਕੇਂਦਰ ਨੂੰ ਬਸੀ ਪਠਾਣਾਂ ਪੋਸਟ ਆਫਿਸ ਤੋਂ ਬਦਲ ਕੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਸ਼ਿਫਟ ਕੀਤਾ ਜਾਵੇ ਅਤੇ ਉਸ ਸਥਾਨ ਤੇ ਇੱਕ ਵੱਖਰਾ ਪਾਸਪੋਰਟ ਦਫ਼ਤਰ ਬਣਾਇਆ ਜਾਵੇ ਜਿੱਥੇ ਲੋਕਾਂ ਦੇ ਬੈਠਣ ਦਾ ਖਾਸ ਪ੍ਰਬੰਧ ਹੋਵੇ ਅਤੇ ਦਸਤਾਵੇਜ ਚੈਕ ਕਰਵਾਉਣ ਲਈ ਇੱਕ ਅਲੱਗ ਕਲਰਕ ਬੈਠਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।