ਅੱਗ ਕਾਰਨ ਨੁਕਸਾਨੀ ਕਣਕ ਲਈ ਮੁਆਵਜ਼ੇ ਦੀ ਮੰਗ
ਅੱਗ ਕਾਰਨ ਨੁਕਸਾਨੀ ਕਣਕ ਦੀ ਫ਼ਸਲ ਲਈ ਮੁਆਵਜ਼ੇ ਦੀ ਮੰਗ
Publish Date: Fri, 17 Apr 2026 07:16 PM (IST)
Updated Date: Sat, 18 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਹਲਕਾ ਫਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੰਡੋਫਲ, ਮਾਨੂੰਪੁਰ ਅਤੇ ਰਸੀਦਪੁਰਾ ਪਿੰਡਾਂ ਵਿੱਚ ਹਾਲ ਹੀ ਵਿੱਚ ਅੱਗ ਕਾਰਨ ਨੁਕਸਾਨੀ ਕਣਕ ਦੀ ਫ਼ਸਲ ਦਾ ਮੌਕੇ ’ਤੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਦੁੱਖ ਦਰਦ ਨੂੰ ਸਾਂਝਾ ਕੀਤਾ। ਨਾਗਰਾ ਨੇ ਦੱਸਿਆ ਕਿ ਅੱਗ ਦੀ ਇਸ ਦੁਰਘਟਨਾ ਕਾਰਨ ਤਕਰੀਬਨ 85 ਏਕੜ ਤੋਂ ਖੜ੍ਹੀ ’ਤੇ ਵਾਢੀ ਲਈ ਤਿਆਰ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਸੜ ਕੇ ਖ਼ਾਕ ਹੋ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮੌਸਮੀ ਤਬਦੀਲੀਆਂ, ਵਧ ਰਹੀਆਂ ਖੇਤੀਬਾੜੀ ਲਾਗਤਾਂ ਅਤੇ ਘੱਟ ਉਪਜ ਦੇ ਸੰਕਟ ਨਾਲ ਜੂਝ ਰਹੇ ਹਨ, ਉੱਪਰੋਂ ਇਸ ਤਰ੍ਹਾਂ ਦੀਆਂ ਅਚਾਨਕ ਅੱਗ ਦੀਆਂ ਘਟਨਾਵਾਂ ਉਨ੍ਹਾਂ ਲਈ ਵੱਡਾ ਝਟਕਾ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਨਹੀਂ ਸਗੋਂ ਸੂਬੇ ਦੀ ਆਰਥਿਕਤਾ ਲਈ ਵੀ ਚਿੰਤਾਜਨਕ ਗੱਲ ਹੈ। ਨਾਗਰਾ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਕਿਸਾਨਾਂ ਨੂੰ ਵਾਜਬ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਦਾ ਇੱਕ-ਇੱਕ ਦਾਣਾ ਉਨ੍ਹਾਂ ਦੀ ਸਾਲ ਭਰ ਦੀ ਕਮਾਈ ਹੁੰਦਾ ਹੈ, ਜੋ ਇਸ ਅੱਗ ਨਾਲ ਪਲਾਂ ਵਿੱਚ ਸੜ ਕੇ ਖ਼ਤਮ ਹੋ ਗਿਆ ਹੈ। ਅਜਿਹੇ ਸਮੇਂ ਵਿੱਚ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜ੍ਹੀ ਹੋ ਕੇ ਉਨ੍ਹਾਂ ਨੂੰ ਤੁਰੰਤ ਆਰਥਿਕ ਸਹਾਇਤਾ ਪ੍ਰਦਾਨ ਕਰੇ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਅੱਗ ਦੇ ਕਾਰਨਾਂ ਦੀ ਜਾਂਚ ਕਰਕੇ ਜਿੰਮੇਵਾਰੀਆਂ ਨਿਰਧਾਰਤ ਕੀਤੀਆਂ ਜਾਣ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕੀਆ ਜਾ ਸਕਣ। ਨਾਗਰਾ ਨੇ ਕਿਸਾਨ ਪਰਿਵਾਰਾਂ ਨਾਲ ਭਰੋਸਾ ਦਿੱਤਾ ਕਿ ਉਹ ਹਰ ਪੜਾਅ ’ਤੇ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਗੇ। ਇਸ ਮੌਕੇ ਸਾਬਕਾ ਸਰਪੰਚ ਰਣਜੀਤ ਸਿੰਘ ਸੱਦੋਮਾਜਰਾ, ਲਾਭ ਸਿੰਘ ਸ਼ਮਸ਼ੇਰ ਨਗਰ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ, ਮਨਜੀਤ ਸਿੰਘ, ਮੀਤਾ ਸਿੰਘ, ਅੰਗਰੇਜ਼ ਸਿੰਘ ਗੇਜੂ, ਹਰਵਿੰਦਰ ਸਿੰਘ, ਰਾਜਿੰਦਰ ਸਿੰਘ ਆਦਿ ਮੌਜੂਦ ਸਨ।