50 ਲੱਖ ਦੀ ਲਾਗਤ ਨਾਲ ਸਰਹਿੰਦ ਚੋਏ ’ਤੇ ਲੱਗੇਗਾ ਕਰੱਸ਼ ਬੈਰੀਅਰ
50 ਲੱਖ ਦੀ ਲਾਗਤ ਨਾਲ ਸਰਹਿੰਦ ਚੋਏ ਤੇ ਲੱਗੇਗਾ ਕਰੱਸ਼ ਬੈਰੀਅਰ
Publish Date: Sun, 04 Jan 2026 04:32 PM (IST)
Updated Date: Sun, 04 Jan 2026 04:35 PM (IST)

ਪਰਦੀਪ ਸਿੰਘ ਢਿੱਲੋਂ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਚੋਅ (ਹੰਸਲਾ ਨਦੀ) ਦੇ ਕਿਨਾਰੇ ਤੇ ਕਰੱਸ਼ ਬੈਰੀਅਰ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਲਾਕਾ ਵਾਸੀਆਂ ਨੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਵੱਲੋਂ ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਨਗਰ ਕੌਂਸਲ ਸਰਹਿੰਦ ਦੇ ਅਧੀਨ ਆਉਂਦੇ ਵਾਰਡ ਨੰਬਰ 3 ’ਚੋਂ ਲੰਘਦੇ ਚੋਅ ਦੇ ਕਿਨਾਰੇ ਉੱਤੇ ਕਰੀਬ 50 ਲੱਖ ਰੁਪਏ ਦੀ ਲਾਗਤ ਦੇ ਨਾਲ ਕਰੱਸ਼ ਬੈਰੀਅਰ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਮੇਸ਼ਾ ਹੀ ਇਹ ਸਮੱਸਿਆ ਬਣੀ ਰਹਿੰਦੀ ਸੀ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਧੁੰਦ ਦੇ ਦਿਨਾਂ ਦੌਰਾਨ ਸ਼ਹੀਦੀ ਸਭਾ ਜਾਣ ਵਾਲੀ ਸੰਗਤ ਇਸੇ ਰਸਤੇ ਤੋਂ ਜਾਂਦੀ ਹੈ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਲਾਜ਼ਮ ਤਾਇਨਾਤ ਕਰਨੇ ਪੈਂਦੇ ਸਨ। ਇਨ੍ਹਾਂ ਬੈਰੀਅਰ ਦੇ ਲੱਗਣ ਨਾਲ ਸੁਰੱਖਿਆ ਪੱਖੋਂ ਮਜਬੂਤੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਵਿਚ ਕੰਮ ਕਰ ਰਹੀ ਹੈ ਜਿੱਥੇ ਲੋਕਾਂ ਦੀਆਂ ਬੁਨਿਆਂਦੀ ਸਹੂਲਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਉਨ੍ਹਾਂ ਦੇ ਅਧਿਕਾਰਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਸਲੂਕ ਦਾ ਵੀ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਦਵਿੰਦਰ ਕੌਰ, ਪ੍ਰਿਤਪਾਲ ਜੱਸੀ, ਰਮੇਸ਼ ਕੁਮਾਰ ਸੋਨੂੰ, ਪਵੇਲ ਹਾਂਡਾ, ਅਸੀਸ ਸੂਦ, ਅਸੀਸ ਅਤਰੀ, ਅਮਰਿੰਦਰ ਮੰਡੋਫਲ, ਸਤਵੀਰ ਜੱਲਾ, ਜੋਨੀ ਤਲਾਣੀਆਂ ਆਦਿ ਵੀ ਮੌਜੂਦ ਸਨ।