ਚਾਕੂ ਨਾਲ ਜ਼ਖ਼ਮੀ ਕਰਕੇ ਮੋਬਾਈਲ ਫੋਨ ਖੋਹਣ ਵਾਲੇ ਵਿਅਕਤੀ ਨੂੰ ਹੋਈ 10 ਸਾਲ ਦੀ ਕੈਦ
ਚਾਕੂ ਨਾਲ ਜ਼ਖਮੀ ਕਰਕੇ ਮੋਬਾਈਲ ਫੋਨ
Publish Date: Fri, 24 Apr 2026 06:57 PM (IST)
Updated Date: Fri, 24 Apr 2026 07:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਮੋਟਰਸਾਈਕਲ ’ਤੇ ਨਹਿਰ ਕੰਢੇ ਜਾ ਇਕ ਵਿਅਕਤੀ ਨੂੰ ਚਾਕੂ ਨਾਲ ਜ਼ਖ਼ਮੀ ਕਰਕੇ ਉਸਦਾ ਮੋਬਾਈਲ ਫੋਨ ਖੋਹ ਲੈ ਜਾਣ ਦੇ ਕਰੀਬ ਢਾਈ ਸਾਲ ਪੁਰਾਣੇ ਮਾਮਲੇ ’ਚ ਸਥਾਨਕ ਅਦਾਲਤ ਵੱਲੋਂ ਇਕ ਪ੍ਰਵਾਸੀ ਨੌਜਵਾਨ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ 4/11/23 ਨੂੰ ਮੰਡੀ ਗੋਬਿੰਦਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਜ਼ਖ਼ਮੀ ਹਾਲਤ ’ਚ ਦਾਖਲ ਕਰਵਾਏ ਗਏ ਮਲਕੀਤ ਸਿੰਘ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਦੁਪਹਿਰ ਕਰੀਬ 2 ਵਜੇ ਉਹ ਅੰਬੇਮਾਜਰਾ ਤੋਂ ਪਿੰਡ ਮੰਡੌਰ ਵਿਖੇ ਆਟਾ ਲੈਣ ਜਾ ਰਿਹਾ ਸੀ।ਜਦੋਂ ਉਹ ਭਾਖੜਾ ਨਹਿਰ ਦੀ ਪਟੜੀ ’ਤੇ ਪਿੰਡ ਵਜ਼ੀਰਾਬਾਦ ਨੇੜੇ ਪੁੱਜਾ ਤਾਂ ਪਿੱਛੋਂ ਬਿਨਾ ਨੰਬਰੀ ਮੋਟਰਸਾਈਕਲ ‘ਤੇ ਆਏ ਇੱਕ ਨੌਜਵਾਨ ਨੇ ਉਸ ਨੂੰ ਘੇਰ ਲਿਆ ਤੇ ਉਸਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਉਸ ਵੱਲੋਂ ਵਿਰੋਧ ਕਰਨ ‘ਤੇ ਉਕਤ ਨੌਜਵਾਨ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜੋ ਕਿ ਉਸ ਨੂੰ ਜ਼ਖ਼ਮੀ ਕਰਨ ਉਪਰੰਤ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ।ਇਸ ਸਬੰਧੀ ਅ/ਧ 379(ਬੀ),341,324 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਥਾਣਾ ਸਰਹਿੰਦ ਦੀ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਕਰਦੇ ਰਵੀ ਕਾਂਤ(36) ਹਾਲ ਵਾਸੀ ਇਕਬਾਲ ਨਗਰ,ਮੰਡੀ ਗੋਬਿੰਦਗੜ੍ਹ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।ਗ੍ਰਿਫਤਾਰ ਕੀਤੇ ਰਵੀ ਕਾਂਤ ਨੂੰ ਦੇਖ ਕੇ ਸ਼ਿਕਾਇਤ ਕਰਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਚਾਕੂ ਮਾਰ ਕੇ ਉਸਦਾ ਮੋਬਾਈਲ ਖੋਹਿਆ ਸੀ।ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ‘ਤੇ ਫ਼ਤਹਿਗੜ੍ਹ ਸਾਹਿਬ ਦੀ ਸਪੈਸ਼ਲ ਅਦਾਲਤ ਨੇ ਰਵੀ ਕਾਂਤ ਨੂੰ ਮਾਮਲੇ ਵਿੱਚ ਅ/ਧ 379ਬੀ(2) ਆਈ.ਪੀ.ਸੀ. ਤਹਿਤ ਦੋਸ਼ੀ ਮੰਨਦੇ ਹੋਏ 10 ਸਾਲ ਕੈਦ ਬਾਮੁਸ਼ੱਕਤ ਤੇ 10,000/- ਰੁਪਏ ਜੁਰਮਾਨਾ ਅਤੇ ਇਸੇ ਮਾਮਲੇ ਵਿੱਚ ਅ/ਧ 201 ਆਈ.ਪੀ.ਸੀ. ਤਹਿਤ ਵੀ ਦੋਸ਼ੀ ਮੰਨਦੇ ਹੋਏ ਹੋਏ 5 ਸਾਲ ਕੈਦ ਬਾਮੁਸ਼ੱਕਤ ਤੇ 10,000/- ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।