ਕੇਂਦਰ ਸਰਕਾਰ ਗਰੀਬਾਂ ਦੀ ਰੋਜ਼ੀ-ਰੋਟੀ ਖੋਹਣ ਦੀ ਰਚ ਰਹੀ ਸਾਜ਼ਿਸ਼ : ਮਡੋਫਲ
ਮਨਰੇਗਾ ਸਕੀਮ ਦਾ ਰੂਪ ਬਦਲ ਕੇ ਗਰੀਬਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸਾਜ਼ਿਸ਼: ਆਪ ਆਗੂ
Publish Date: Mon, 05 Jan 2026 05:10 PM (IST)
Updated Date: Mon, 05 Jan 2026 05:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਅਮਰਿੰਦਰ ਸਿੰਘ ਮਡੋਫਲ ਅਤੇ ਸੀਨੀਅਰ ਆਗੂ ਐਡਵੋਕੇਟ ਰਾਹੁਲ ਸ਼ਰਮਾ ਨੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ਵਿਚ ਕੀਤੇ ਜਾ ਰਹੇ ਬਦਲਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ ਦਾ ਨਾਮ ਬਦਲ ਕੇ ਵੀਬੀ-ਜੀ ਰਾਮ ਜੀ ਐਕਟ ਰੱਖ ਕੇ ਅਤੇ ਬਜਟ ਨੂੰ 60: 40 ਅਨੁਪਾਤ ਵਿਚ ਵੰਡ ਕੇ ਗਰੀਬਾਂ ਦੇ ਰੁਜ਼ਗਾਰ ’ਤੇ ਆਰਾ ਚਲਾ ਰਹੀ ਹੈ। ਜੇ ਇਹ ਬਦਲਾਅ ਲਾਗੂ ਹੋ ਗਏ ਤਾਂ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਮੁਸ਼ਕਲ ਵਿਚ ਪੈ ਜਾਵੇਗੀ। ਆਗੂਆਂ ਨੇ ਕਿਹਾ ਕਿ ਪਹਿਲਾਂ ਮਨਰੇਗਾ ਦਾ ਪੂਰਾ ਬਜਟ ਕੇਂਦਰ ਸਰਕਾਰ ਦਿੰਦੀ ਸੀ, ਪਰ ਹੁਣ 40 ਫ਼ੀਸਦੀ ਹਿੱਸਾ ਸੂਬਿਆਂ ਨੂੰ ਦੇਣਾ ਪਵੇਗਾ, ਜੋ ਸੂਬਿਆਂ ’ਤੇ ਵਾਧੂ ਬੋਝ ਪਾਏਗਾ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਗਰੀਬਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਆਮ ਆਦਮੀ ਪਾਰਟੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਪਹਿਲਾਂ ਹੀ ਮਤਰੇਈ ਮਾਂ ਵਾਲਾ ਵਿਹਾਰ ਕਰ ਰਹੀ ਹੈ। ਸੂਬੇ ਦਾ 8500 ਕਰੋੜ ਰੁਪਏ ਤੋਂ ਵੱਧ ਪੈਸਾ ਰੋਕਿਆ ਹੋਇਆ ਹੈ ਅਤੇ ਹੜ੍ਹਾਂ ਲਈ ਐਲਾਨੇ 1600 ਕਰੋੜ ਦਾ ਪੈਕੇਜ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਭਾਜਪਾ ਵੱਲੋਂ ਪੰਜਾਬ ਦੇ ਹੱਕਾਂ ’ਤੇ ਹੋ ਰਹੀਆਂ ਡਾਕਿਆਂ ਨੂੰ ਚੋਣਾਂ ਵਿਚ ਸਬਕ ਸਿਖਾਇਆ ਜਾਵੇ। ਇਸ ਮੌਕੇ ਆਮਨਦੀਪ ਸਿੰਘ ਭਾਨੀ, ਸ਼ਿਵਮ ਗਾਬਾ, ਜਗਦੀਪ ਸਿੰਘ ਰੁੜਕੀ, ਤੇਜ਼ਪ੍ਰੀਤ ਸਿੰਘ ਤੇਜ਼ੇ ਅਤੇ ਹੋਰ ਆਗੂ ਮੌਜੂਦ ਸਨ।