ਬੱਚਿਆਂ ਦੀ ਮਾਨਸਿਕ ਸਿਹਤ ਤੇ ਮੋਬਾਈਲ ਦੀ ਦੁਰਵਰਤੋਂ ’ਤੇ ਚਿੰਤਾ ਦਾ ਪ੍ਰਗਟਾਵਾ
ਬੱਚਿਆਂ ਦੀ ਮਾਨਸਿਕ ਸਿਹਤ ਅਤੇ ਮੋਬਾਇਲ ਦੀ ਦੁਰਵਰਤੋਂ ’ਤੇ ਚਿੰਤਾ ਦਾ ਪ੍ਰਗਟਾਵਾ
Publish Date: Wed, 11 Feb 2026 04:53 PM (IST)
Updated Date: Wed, 11 Feb 2026 04:56 PM (IST)

ਫ਼ੋਟੋ ਫ਼ਾਈਲ : 13 ਬਸੀ ਪਠਾਣਾਂ ਵਿਖੇ ਮੀਟਿੰਗ ਦੌਰਾਨ ਸੀਨੀਅਰ ਸਿਟੀਜਨ ਮੈਂਬਰਾਂ ਦਾ ਜਨਮ ਦਿਨ ਮਨਾਉਂਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਿਟੀਜਨ ਐਸੋਸੀਏਸ਼ਨ ਬਸੀ ਪਠਾਣਾਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਐੱਮਐੱਲ ਵਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮਾਜ ਵਿਚ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਤੇ ਡੂੰਘੀ ਚਿੰਤਾ ਪ੍ਰਗਟਾਈ ਗਈ। ਮੀਟਿੰਗ ਦੌਰਾਨ ਬੀਤੀ ਚਾਰ ਫਰਵਰੀ ਨੂੰ ਗਾਜ਼ੀਆਬਾਦ ਵਿੱਚ ਤਿੰਨ ਲੜਕੀਆਂ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਆਨਲਾਈਨ ਗੇਮਾਂ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਫ਼ੋਨਾਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀ ਅਹਿਮੀਅਤ ਬਾਰੇ ਸਮਝਾਉਣ। ਮੀਟਿੰਗ ਵਿਚ ਤਰਨਤਾਰਨ ਦੇ ਇਕ ਲਾਅ ਕਾਲਜ ਵਿਚ ਵਿਦਿਆਰਥੀ ਵੱਲੋਂ ਆਪਣੀ ਸਹਿਪਾਠਣ ਦੇ ਕਤਲ ਨੂੰ ਸਮਾਜ ਲਈ ਇੱਕ ਗੰਭੀਰ ਚੇਤਾਵਨੀ ਦੱਸਿਆ। ਮੈਂਬਰਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਵੱਲ ਵਿਸ਼ੇਸ਼ ਤਵਜੋਂ ਦੇਣ ਦੀ ਲੋੜ ਹੈ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਸਥਾਨਕ ਪ੍ਰਸ਼ਾਸਨ ਨੂੰ ਸ਼ਹਿਰ ਦੀਆਂ ਨਾਲੀਆਂ ਦੀ ਸਫ਼ਾਈ ਅਤੇ ਜੰਮੀ ਹੋਈ ਗਾਦ ਕੱਢਣ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਵੀ ਕੀਤੀ। ਸਮਾਜਿਕ ਮੁੱਦਿਆਂ ਤੇ ਚਰਚਾ ਤੋਂ ਬਾਅਦ ਬਜ਼ੁਰਗ ਮੈਂਬਰਾਂ ਨੇ ਗੀਤ ਗਾ ਕੇ ਮਨ ਪਰਚਾਵਾ ਕੀਤਾ ਅਤੇ ਮੈਂਬਰ ਰਾਮ ਚੰਦਰ ਗੁਪਤਾ ਤੇ ਹਰਨੇਕ ਸਿੰਘ ਦਾ ਜਨਮਦਿਨ ਮਨਾਉਂਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਮਿਹਰ ਸਿੰਘ ਜਨਰਲ ਸਕੱਤਰ, ਵਿਨੋਦ ਕੁਮਾਰ, ਕੇ.ਕੇ. ਵਰਮਾ, ਭਰਪੂਰ ਸਿੰਘ, ਹਰਨੇਕ ਸਿੰਘ, ਨਕੇਸ਼ ਜਿੰਦਲ, ਮਨਧੀਰ ਮੋਹਨ, ਸੁਸ਼ੀਲ ਗੁਪਤਾ, ਪਰਸ਼ੋਤਮ ਬਾਂਸਲ, ਪ੍ਰਕਾਸ਼ ਸਿੰਘ, ਕਮਲ ਗੁਪਤਾ, ਰਾਮਚੰਦਰ ਗੁਪਤਾ, ਦੀਵਾਨ ਚੰਦ, ਪਰਵਿੰਦਰ ਸਿੰਘ ਅਤੇ ਬਲਦੇਵ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।