ਸ਼ਹੀਦੀ ਸਭਾ ਉਪਰੰਤ ਚਲਾਈ ਸਫਾਈ ਮੁਹਿੰਮ ਸਮਾਪਤ
ਸ਼ਹੀਦੀ ਸਭਾ ਉਪਰੰਤ ਚਲਾਈ ਸਫਾਈ ਮੁਹਿੰਮ ਸਮਾਪਤ
Publish Date: Fri, 09 Jan 2026 05:43 PM (IST)
Updated Date: Fri, 09 Jan 2026 05:45 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਬਿਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸ਼ਾਨੀ ਸਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਭਾ ਉਪਰੰਤ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਦੇ ਆਸ਼ੀਰਵਾਦ ਸਦਕਾ ਮੁੱਖ ਸੇਵਾਦਾਰ ਗੁਰਦੁਆਰਾ ਦੁਫੇੜਾ ਸਾਹਿਬ ਬੀਬੀ ਕੁਲਵਿੰਦਰ ਕੌਰ ਦੀ ਨਿਗਰਾਨੀ ਹੇਠ ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਸਮਾਗਮ ਤੋਂ ਬਾਅਦ 29 ਦਸੰਬਰ ਤੋਂ ਆਰੰਭ ਕੀਤੀ ਗਈ ਸਫਾਈ ਸੇਵਾ ਅੱਜ ਸੰਪੂਰਨ ਹੋ ਗਈ ਹੈ। ਇਸ ਸਫਾਈ ਮੁਹਿੰਮ ਦੌਰਾਨ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤਿਆ ਨੂੰ ਸਾਫ਼ ਕੀਤਾ ਗਿਆ ਅਤੇ ਕੂੜੇ ਨੂੰ ਸੁਚੱਜੇ ਢੰਗ ਨਾਲ ਇਕੱਠਾ ਕਰਕੇ ਡੰਪ ’ਤੇ ਲਜਾਇਆ ਗਿਆ। ਇਸ ਸਫਾਈ ਮੁਹਿੰਮ ਵਿੱਚ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਦੀ ਸੰਗਤ ਤੋਂ ਇਲਾਵਾ ਮਿਸਲ ਸਤਲੁਜ ਵੱਲੋਂ ਯਾਦਵਿੰਦਰ ਸਿੰਘ ਯਾਦੂ ਅਤੇ ਉਨ੍ਹਾਂ ਦੇ ਸਾਥੀ, ਐਸਓਆਈ ਵੱਲੋਂ ਕੁਲਦੀਪ ਸਿੰਘ ਝਿੰਜਰ ਤੇ ਸਾਥੀ, ਵਿਰਸਾ ਸੰਭਾਲ ਸਰਦਾਰੀ ਲਹਿਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲੋਕ ਪ੍ਰਸਾਸਨ ਵਿਭਾਗ ਦੇ ਖੋਜਾਰਥੀ ਅਤੇ ਯੂਨੀਵਰਸਿਟੀ ਦੇ ਹੋਰ ਵਿਦਿਆਰਥੀ ਅਤੇ ਹਲਕਾ ਅਮਰਗੜ੍ਹ ਦੇ ਪਿੰਡਾਂ ਦੀ ਸੰਗਤ ਦਾ ਭਰਪੂਰ ਸਹਿਯੋਗ ਰਿਹਾ। ਇਸ ਸਫਾਈ ਮੁਹਿੰਮ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਦੀ ਮਾਤਾ ਸ਼ਬਨਮ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਦੌਰਾਨ ਹਲਕਾ ਅਮਰਗੜ੍ਹ ਦੇ ਯੂਥ ਆਗੂ ਡਾ. ਮਨਦੀਪ ਸਿੰਘ ਚੰਦੂਰਾਈਆਂ ਨੇ ਕਿਹਾ ਕਿ ਸਰਕਾਰ ਨੂੰ ਜ਼ਿਲ੍ਹਾ ਪੱਧਰ ’ਤੇ ਪਲਾਸਟਿਕ ਨੂੰ ਰੀਸਾਈਕਲ ਕਰਨ ਲਈ ਪਲਾਸਟਿਕ ਮੈਨੇਜਮੈਂਟ ਯੂਨਿਟਸ ਸਥਾਪਿਤ ਕਰਨੇ ਚਾਹੀਦੇ ਹਨ। ਇਸ ਮੌਕੇ ਬੀਬਾ ਕੁਲਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਗੁਰਬਾਣੀ ਅਨੁਸਾਰ ਦੱਸੇ ਸ਼ਬਦ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਸੰਕਲਪ ਨੂੰ ਹਕੀਕੀ ਰੂਪ ਵਿੱਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਫਾਈ ਸੇਵਾ ਲਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।